Corona in Nawanshahr : ਸੂਬੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਨਵਾਂਸ਼ਹਿਰ ਜਿਹੜਾ ਕੁਝ ਦਿਨ ਹੀ ਕੋਰੋਨਾ ਮੁਕਤ ਰਿਹਾ, ਵਿਚ ਦੁਬਾਰਾ ਤੋਂ ਕੋਰੋਨਾ ਦੇ ਕੇਸ ਵਧ ਰਹੇ ਹਨ ਤੇ ਕੋਰੋਨਾ ਨੇ ਜਿਲ੍ਹਾ ਨਵਾਂਸ਼ਹਿਰ ਨੂੰ ਆਪਣੀ ਪਕੜ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਅੱਜ ਨਵਾਂਸ਼ਹਿਰ ਤੋਂ 2 ਨਵੇਂ Covid-19 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ ਇਕ ਦੀ ਪਛਾਣ ਪਿੰਡ ਚੰਦਿਆਣੀ ਖੁਰਦ ਨਾਲ ਸਬੰਧਤ 34 ਸਾਲਾ ਵਿਅਕਤੀ ਦੇ ਰੂਪ ਵਿਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਕੁਝ ਦਿਨ ਪਹਿਲਾਂ ਹੀ ਕੁਵੈਤ ਤੋਂ ਵਾਪਸ ਪਰਤਿਆ ਸੀ। ਵਾਪਸ ਪਰਤਣ ‘ਤੇ ਇਸ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਦੀ ਰਿਪੋਰਟ ਅੱਜ ਪਾਜੀਟਿਵ ਆਈ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਵਲੋਂ ਦਿੱਤੀ ਗਈ। ਹੁਣ ਨਵਾਂਸ਼ਹਿਰ ਵਿਚ ਕੁੱਲ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 113 ਹੋ ਗਈ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 4 ਹੋ ਗਈ ਹੈ।
ਦੂਜਾ ਵਿਅਕਤੀ ਜਿਸ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ ਉਹ ਪਿੰਡ ਫਰਾਲਾ ਦੀ 36 ਸਾਲਾ ਔਰਤ ਹੈ ਜਿਹੜੀ ਦਿੱਲੀ ਤੋਂ ਕੁਝ ਦਿਨ ਪਹਿਲਾਂ ਵਾਪਸ ਪਰਤੀ ਸੀ। ਉਕਤ ਔਰਤ ਨੂੰ ਕੁਆਰੰਟਾਈਨ ਕੀਤਾ ਗਿਆ ਸੀ ਤੇ ਸੈਂਪਲ ਟੈਸਟ ਲਈ ਭੇਜੇ ਗਏ ਸਨ, ਜਿਸ ਦੀ ਰਿਪੋਰਟ ਆਉਣ ‘ਤੇ ਉਹ ਕੋਰੋਨਾ ਪਾਜੀਟਿਵ ਪਾਈ ਗਈ। ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਦੋਵੇਂ ਕੋਵਿਡ-19 ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਤਬਦੀਲ ਕੀਤਾ ਗਿਆ ਹੈ। ਪੰਜਾਬ ਵਿਚ ਲੌਕਡਾਊਨ ਵਿਚ ਢਿੱਲ ਦੇ ਨਤੀਜੇ ਵਜੋਂ ਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਪੰਜਾਬ ਵਿੱਚ ਕੋਰੋਨਾ ਸੰਕਰਮਿਤ ਲੋਕਾਂ ਦੇ ਸਿਹਤਮੰਦ ਹੋਣ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਮੰਗਲਵਾਰ ਨੂੰ 17 ਹੋਰ ਮਰੀਜ਼ ਠੀਕ ਹੋਏ। ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਰਾਜ ‘ਚ ਹੁਣ ਸਿਹਤਮੰਦ ਲੋਕਾਂ ਦੀ ਗਿਣਤੀ 2017 ਹੋ ਗਈ ਹੈ। ਪੰਜਾਬ ‘ਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 46 ਹੋ ਗਈ ਹੈ। ਰਾਜ ਵਿੱਚ 37 ਨਵੇਂ ਕੇਸ ਸਾਹਮਣੇ ਆਏ। ਰਾਜ ‘ਚ ਹੁਣ 2426 ਮਰੀਜ਼ ਹਨ। ਹਾਲਾਂਕਿ, ਇਹਨਾਂ ਕਿਰਿਆਸ਼ੀਲ ਮਰੀਜ਼ਾਂ ਵਿੱਚੋਂ ਸਿਰਫ 363 ਮਰੀਜ਼ ਮੌਜੂਦ ਹਨ। ਬਾਕੀ 2017 ਠੀਕ ਹੋ ਗਏ ਹੈ। ਮੰਗਲਵਾਰ ਨੂੰ ਜਲੰਧਰ ਵਿੱਚ 10, ਪਠਾਨਕੋਟ ਵਿੱਚ ਅੱਠ, ਗੁਰਦਾਸਪੁਰ ਵਿੱਚ ਚਾਰ, ਸੰਗਰੂਰ ਵਿੱਚ ਤਿੰਨ, ਅੰਮ੍ਰਿਤਸਰ, ਮੋਗਾ, ਨਵਾਂ ਸ਼ਹਿਰ, ਲੁਧਿਆਣਾ ਤੇ ਮੁਹਾਲੀ ਵਿੱਚ ਦੋ- ਦੋ, ਜਦਕਿ ਫਰੀਦਕੋਟ ਤੇ ਪਟਿਆਲੇ ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ। ਦੂਜੇ ਪਾਸੇ, ਚੰਡੀਗੜ੍ਹ ਦੇ ਸੈਕਟਰ-30 ਵਿੱਚ ਇੱਕ 80 ਸਾਲਾ ਔਰਤ ਦੀ ਮੌਤ ਹੋ ਗਈ, ਜਦਕਿ ਸ਼ਹਿਰ ਵਿੱਚ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਥੇ ਕੁੱਲ 301 ਸੰਕਰਮਿਤ ਮਰੀਜ਼ ਹਨ।