Farmers came in preparation : ਦਿੱਲੀ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਨੇ ਆਪਣੇ ਅੰਦੋਲਨ ਦੌਰਾਨ ਸਿਆਸੀ ਜਥੇਬੰਦੀਆਂ ਨੂੰ ਇਸ ਅੰਦੋਲਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਮੰਚ ‘ਤੇ ਕੋਈ ਥਾਂ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕਿਸਾਨ ਇਸ ਅੰਦੋਲਨ ਨੂੰ ਸਿਆਸੀ ਰੰਗ ਨਹੀਂ ਦੇਣਾ ਚਾਹੁੰਦੇ। ਇਸ ਦੇ ਨਾਲ ਹੀ ਅੱਜ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਆਪਣੇ ਸਰਕਾਰ ਦੇ ਮੀਟਿੰਗ ਦੇ ਸੱਦੇ ਬਾਰੇ ਆਪਣੇ ਫੈਸਲੇ ਨਾਲ ਜਾਣੂ ਕਰਵਾਉਂਦਿਆਂ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ 3 ਦਸੰਬਰ ਦੀ ਥਾਂ 1 ਦਸੰਬਰ ਨੂੰ ਮੀਟਿੰਗ ਵਾਸਤੇ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੇ ਇਸ ਸੱਦੇ ਨੂੰ ਖਾਰਿਜ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਲੰਬੇ ਅੰਦੋਲਨ ਦੀ ਤਿਆਰੀ ਕਰਕੇ ਆਏ ਹਾਂ। ਸਰਕਾਰ ਵੱਲੋਂ ਗੱਲਬਾਤ ਲਈ ਸ਼ਰਤ ਰੱਖਣਾ ਕਿਸਾਨਾਂ ਦਾ ਅਪਮਾਨ ਹੈ। ਉਹ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਨਹੀਂ ਚੱਲਣਗੇ।
ਦਿੱਲੀ ਵਿੱਚ ਚੱਲ ਰਹੀ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨਾਂ ਜਥੇਬੰਦੀਆਂ ਨੇ ਮੀਡੀਆ ਤੋਂ ਜਾਣੇ-ਅਣਜਾਣੇ ‘ਚ ਹੋਈ ਬਦਸਲੂਕੀ ਲਈ ਮੁਆਫੀ ਮੰਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡੀਆ ਨੂੰ ਵੀ ਕਿਸੇ ਤਰ੍ਹਾਂ ਦਾ ਗਲਤ ਵਤੀਰਾ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰ ਰੋਜ਼ ਕਿਸਾਨ ਜਥੇਬੰਦੀਆਂ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਪ੍ਰੈੱਸ ਬਿਆਨ ਜਾਰੀ ਕੀਤਾ ਜਾਵੇਗਾ ਜਿਸ ਵਿੱਚ ਉਨ੍ਹਾਂ ਨੂੰ ਕਿਸਾਨ ਅੰਦੋਲਨ ਸੰਬੰਧੀ ਜਾਣੂ ਕਰਵਾਉਂਦੇ ਹੋਏ ਕਿਸਾਨ ਜਥੇਬੰਦੀਆਂ ਦੀ ਕਮੇਟੀ ਵੱਲੋਂ ਹਰ ਰੋਜ਼ ਪ੍ਰੈਸ ਬਿਆਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਿੱਜੀ ਤੌਰ ‘ਤੇ ਕੋਈ ਇਕੱਲਾ ਵਿਅਕਤੀ ਬਿਆਨ ਦਿੰਦਾ ਹੈ ਤਾਂ ਉਹ ਉਸਦਾ ਨਿੱਜੀ ਬਿਆਨ ਹੋਵੇਗਾ।
ਦੱਸਣਯੋਗ ਹੈ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਆਪਣੇ ਹੱਕਾਂ ਲਈ ਰੜ ਰਹੇ ਕਿਸਾਨ ਦਿੱਲੀ ਦੇ ਸਿੰਘੂ ਬਾਰਡਰ ’ਤੇ ਵੱਡੀ ਗਿਣਤੀ ਵਿੱਚ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਉਹ ਇਸ ਗੱਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਕਿ ਕੋਈ ਉਨ੍ਹਾਂ ਦੇ ਅੰਦੋਲਨ ਨੂੰ ਸਿਆਸੀ ਜਾਂ ਗਲਤ ਰੰਗ ਦੇਵੇ, ਜਿਸ ਕਾਰਨ ਸਿਆਸੀ ਪਾਰਟੀਆਂ ਨੂੰ ਇਸ ਅੰਦੋਲਨ ਤੋਂ ਦੂਰ ਹੀ ਰੱਖਣਾ ਚਾਹੁੰਦੇ ਹਨ। ਅੱਜ ਐਤਵਾਰ ਨੂੰ ਸਿੰਘੂ ਬਾਰਡਰ ‘ਤੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਐਮ.ਪੀ. ਸ: ਗੁਰਜੀਤ ਸਿੰਘ ਔਜਲਾ ਪਹੁੰਚੇ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਅੰਦੋਲਨ ਵਿੱਚ ਸ਼ਾਮਲ ਤਾਂ ਕੀ ਕਰਨਾ ਸੀ ਸਗੋਂ ਉਥੋਂ ਭਜਾ ਦਿੱਤਾ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਉਥੋਂ ਵਾਪਿਸ ਜਾਣ ਲਈ ਮਜਬੂਰ ਹੋਣਾ ਪਿਆ। ਬੀਤੇ ਦਿਨ ਸਿੰਘੂ ਬਾਰਡਰ ‘ਤੇ ਲੁਧਿਆਣਾ ਤੋਂ ਐਮ.ਪੀ. ਸ: ਰਵਨੀਤ ਸਿੰਘ ਬਿੱਟੂ ਅਤੇ ਗਿੱਦੜਬਾਹਾ ਤੋਂ ਵਿਧਾਇਕ ਸ੍ਰੀ ਰਾਜਾ ਵੜਿੰਗ ਪਹੁੰਚੇ ਸਨ, ਜਿਨ੍ਹਾਂ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।