ਚੰਡੀਗੜ੍ਹ – ਪੰਜਾਬ ਪੁਲਿਸ ਦੇ ਟ੍ਰੈਫਿਕ ਵਿਭਾਗ ‘ਚ ਇੰਜੀਨੀਅਰਿੰਗ ਵਿੰਗ ਬਣਨ ਜਾ ਰਿਹਾ ਹੈ। ਮੋਹਾਲੀ ਸਥਿਤ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਵਿਚ ਇੰਜੀਨੀਅਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਸਿਰਫ਼ ਫ਼ੌਜ ਦਾ ਆਪਣਾ ਇੰਜਨੀਅਰਿੰਗ ਵਿੰਗ ਸੀ ਪਰ ਹੁਣ ਪੰਜਾਬ ਪੁਲਿਸ ਦੇ ਟ੍ਰੈਫਿਕ ਵਿਭਾਗ ਦਾ ਆਪਣਾ ਇੰਜੀਨੀਅਰਿੰਗ ਵਿੰਗ ਹੋਵੇਗਾ।
ਦੱਸ ਦੇਈਏ ਕਿ ਪੰਜਾਬ ਪੁਲਿਸ ਵਿਭਾਗ ਦੇ ਟ੍ਰੈਫਿਕ ਵਿੰਗ ‘ਚ ਆਪਣੇ ਇੰਜਨੀਅਰ ਰੱਖਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਇਹ ਇੰਜੀਨੀਅਰ ਰਾਜ ਦੀਆਂ ਸੜਕਾਂ ਦੇ ਬਿਹਤਰ ਅਤੇ ਸੁਰੱਖਿਅਤ ਡਿਜ਼ਾਈਨ ਅਤੇ ਨਿਰਮਾਣ ਲਈ ਕੰਮ ਕਰਨਗੇ। ਇਸ ਕੰਮ ਲਈ 18 ਇੰਜਨੀਅਰ ਰੱਖੇ ਜਾਣਗੇ। ਭਰਤੀ ਪ੍ਰਕਿਰਿਆ ਲਈ ਲਿਖਤੀ ਪ੍ਰੀਖਿਆ ਲਈ ਗਈ ਹੈ। ਭਰਤੀ ਪ੍ਰਕਿਰਿਆ ਦੀਆਂ ਬਾਕੀ ਰਸਮਾਂ ਵੀ ਪੂਰੀਆਂ ਕਰਕੇ ਇੰਜੀਨੀਅਰਾਂ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ।
ਦੇਸ਼ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸੂਬੇ ਦੀ ਪੁਲਿਸ ਦੇ ਆਪਣੇ ਇੰਜਨੀਅਰ ਹੋਣਗੇ। ਇਸ ਕੇਂਦਰ ਵਿੱਚ ਆਉਣ ਵਾਲੇ ਇੰਜੀਨੀਅਰ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਅਧੀਨ ਆਉਂਦੀਆਂ ਸਾਰੀਆਂ ਅਥਾਰਟੀਆਂ ਨਾਲ ਤਾਲਮੇਲ ਕਰਕੇ ਕੰਮ ਕਰਨਗੇ। ਜਿੱਥੇ ਵੀ ਨਵੀਆਂ ਸੜਕਾਂ ਬਣਾਈਆਂ ਜਾਣੀਆਂ ਹਨ, ਉਸ ਦੇ ਡਿਜ਼ਾਈਨ ਤੋਂ ਸ਼ੁਰੂ ਹੋਣ ਵਾਲੀ ਸਾਰੀ ਪ੍ਰਕਿਰਿਆ ਇਸ ਕੇਂਦਰ ਰਾਹੀਂ ਹੀ ਕੀਤੀ ਜਾਵੇਗੀ ਤਾਂ ਜੋ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ।
ਯੋਜਨਾ ਹੈ ਕਿ ਰਾਜ ਵਿੱਚ ਸੜਕਾਂ ਦੇ ਨਿਰਮਾਣ ਲਈ ਜੋ ਕੰਮ ਬਾਹਰੀ ਕੰਪਨੀਆਂ ਵੱਲੋਂ ਕੀਤਾ ਜਾ ਰਿਹਾ ਹੈ, ਉਹ ਸੜਕ ਸੁਰੱਖਿਆ ਅਤੇ ਆਵਾਜਾਈ ਖੋਜ ਕੇਂਦਰ ਦੇ ਇੰਜਨੀਅਰਾਂ ਵੱਲੋਂ ਕੀਤਾ ਜਾਵੇ। ਹਾਲਾਂਕਿ ਇਸ ਦੇ ਲਈ ਸਬੰਧਤ ਵਿਭਾਗ ਨੂੰ ਕੇਂਦਰ ਨੂੰ ਫੀਸ ਵੀ ਦੇਣੀ ਪਵੇਗੀ। ਇਸ ਦੇ ਲਈ ਨਿਯਮ ਅਤੇ ਸ਼ਰਤਾਂ ਕੀ ਹੋਣਗੀਆਂ, ਇਹ ਅਜੇ ਤੈਅ ਨਹੀਂ ਹੋਇਆ ਹੈ।
ਕੇਂਦਰ ਦੇ ਇੰਜਨੀਅਰ ਸੂਬੇ ਵਿੱਚ ਇੰਟੈਲੀਜੈਂਟ ਸੜਕਾਂ ਬਣਾਉਣ ਲਈ ਇੱਕ ਟੀਮ ਵਜੋਂ ਕੰਮ ਕਰਨਗੇ। ਇੰਜੀਨੀਅਰ ਰਾਜ ਵਿੱਚ NHAI ਦੁਆਰਾ ਬਣਾਈ ਜਾਣ ਵਾਲੀ ਸੜਕ ਦਾ ਵੀ ਸਰਵੇਖਣ ਕਰਨਗੇ। ਉਹ ਇਲਾਕੇ ਦੀ ਭੂਗੋਲਿਕ ਸਥਿਤੀ ਅਨੁਸਾਰ ਆਪਣੀ ਰਾਏ ਦੇਣਗੇ। ਖੋਜ ਕੇਂਦਰ ਸੂਬੇ ਦੀ ਪਹਿਲੀ ਇੰਟੈਲੀਜੈਂਟ ਸੜਕ ਬਣਾਉਣ ‘ਤੇ ਕੰਮ ਕਰ ਰਿਹਾ ਹੈ। ਇਸ ਪ੍ਰੋਜੈਕਟ ਨੂੰ ਡਿਵੈਲਪਮੈਂਟ ਆਫ ਇੰਟੈਲੀਜੈਂਟ ਮੋਬਿਲਿਟੀ ਐਂਡ ਐਫੀਸ਼ੀਐਂਟ ਟ੍ਰੈਫਿਕ ਕੰਟਰੋਲ ਸਿਸਟਮ ਦਾ ਨਾਂ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: