ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਤੱਥਾਂ ਨੂੰ ਮੋੜ-ਤਰੋੜ ਕੇ ਪੇਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਉਨ੍ਹਾਂ ਨੌਜਵਾਨਾਂ ਦੇ ਚਿਹਰੇ ‘ਤੇ ਮੁਸਕਾਨ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ ਜਿਨ੍ਹਾਂ ਨੂੰ ਨੌਕਰੀਆਂਮਿਲੀਆਂ ਹਨ। ਸੀਐੱਮ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਉਹ ਇਕ ਰੁਪਿਆ ਵੀ ਲੋਕਾਂ ਦਾ ਖਾਣ ਦੀ ਬਜਾਏ ਸਲਫਾਸ ਖਾਣਾ ਪਸੰਦ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ ਨਾਲ ਝੂਠ ਬੋਲ ਕੇ ਕਦੇ ਕੋਈ ਸੌਦਾ ਨਹੀਂ ਕਰਨਗੇ। ਪੰਜਾਬੀਆਂ ਦੇ ਪਿਆਰ ਦਾ ਕਰਜ਼ ਉਤਾਰਨ ਲਈ ਉਨ੍ਹਾਂ ਨੂੰ ਕਈ ਜਨਮ ਲੈਣੇ ਪੈਣਗੇ।
ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੁਣੌਤੀ ਦਿੱਤੀ ਕਿ ਉਹ ਇਕ ਮਹੀਨੇ ਦੇ ਅੰਦਰ ਪੰਜਾਬੀ ਭਾਸ਼ਾ ਦੀ ਲਿਖਤ ਪ੍ਰੀਖਿਆ 45 ਫੀਸਦੀ ਅੰਕਾਂ ਨਾਲ ਪਾਸਕਰਕੇ ਦਿਖਾਉਣ। ਸਨਾਵਰ ਤੇ ਦੂਨ ਸਕੂਲ ਤੋਂ ਸਿੱਖਿਆ ਲੈਣ ਵਾਲੇ ਇਹ ਨੇਤਾ ਇਸ ਪ੍ਰੀਖਿਆ ਨੂੰ ਪਾਸ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਉਹ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਨਾਲ ਰਹੇ ਹਨ। ਉਹ ਉਨ੍ਹਾਂ ਲਈ ਪੰਜਾਬੀ ਅਖਬਾਰ ਪੜ੍ਹਦੇ ਸਨ ਕਿਉਂਕਿ ਉਨ੍ਹਾਂ ਨੂੰ ਉਸ ਦੀ ਚੰਗੀ ਜਾਣਕਾਰੀ ਨਹੀਂ ਸੀ। ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਨੇਤਾਵਾਂ ਦੇ ਪੂਰਵਜਾਂ ਨੇ ਜ਼ਲਿਆਂਵਾਲਾ ਬਾਗ ਕਤਲੇਆਮ ਦੇ ਅਪਰਾਧੀਆਂ ਨੂੰ ਸਨਮਾਨਿਤ ਕੀਤਾ ਸੀ, ਉਨ੍ਹਾਂ ਨੂੰ ਸਵਾਲ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਸੱਤਾ ਵਿਚ ਰਹਿਣ ਦੌਰਾਨ ਸੂਬੇ ਤੇ ਇਥੋਂ ਦੇ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਮਾਨ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਪ੍ਰਵਾਹ ਨਹੀਂ ਕੀਤੀ ਜਿਸ ਕਾਰਨ ਉਹ ਨਵੇਂ ਭਰਤੀ ਹੋਏ ਨੌਜਵਾਨਾਂ ਦੇ ਚਿਹਰੇ ‘ਤੇ ਮੁਸਕਾਨ ਨਾਲ ਚਿੜ੍ਹ ਗਏ ਹਨ।
ਇਹ ਵੀ ਪੜ੍ਹੋ : ਏਅਰਪੋਰਟ ‘ਤੇ ਬੈਗ ਚੈੱਕ ਕਰਦੇ ਕਸਟਮ ਅਧਿਕਾਰੀਆਂ ਦੇ ਉੱਡੇ ਹੋਸ਼, ਵਿੱਚੋਂ ਨਿਕਲੇ ਕਿੰਗ ਕੋਬਰਾ ਸਣੇ 72 ਸੱਪ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਪ੍ਰਤੀ ਆਪਣੇ ਪਿਆਰ ਨੂੰ ਲੈ ਕੇ ਉਨ੍ਹਾਂ ਨੂੰ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਮਾਨ ਨੇ ਕਿਹਾ ਕਿ ਵੜਿੰਗ ਨੇ ਕਾਂਗਰਸ ਸਰਕਾਰ ਦੌਰਾਨ ਰਾਜਸਥਾਨ ਦੀਆਂ ਬੱਸਾਂ ਦੀ ਬਾਡੀ ਲਗਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਪੈਸਾ ਕਮਾਇਆ ਹੈ। ਉਨ੍ਹਾਂ ਕਿਹਾ ਕਿ ਇਸ ਘਪਲੇ ਸਬੰਧੀ ਵੇਰਵਾ ਆਉਣ ਵਾਲੇ ਦਿਨਾਂ ਵਿਚ ਸਾਂਝਾ ਕੀਤਾ ਜਾਵੇਗਾ।