Indian Farmers Union : ਫਤਿਹਗੜ੍ਹ ਸਾਹਿਬ : ਖੇਤੀ ਬਿੱਲ ਜਿਨ੍ਹਾਂ ਦਾ ਪੂਰੇ ਦੇਸ਼ ‘ਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਇਨ੍ਹਾਂ ਵਿਰੁੱਧ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਹਨ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਕਿਸਾਨ ਲਗਾਤਾਰ ਧਰਨਿਆਂ ‘ਤੇ ਬੈਠੇ ਹੋਏ ਹਨ। ਉਨ੍ਹਾਂ ਹੀ ਖੇਤੀ ਬਿੱਲਾਂ ਖਿਲਾਫ ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸੁਪਰੀਮ ਕੋਰਟ ‘ਚ ਰਿੱਟ ਪਟੀਸ਼ਨ ਦਾਖ਼ਲ ਕੀਤੀ ਸੀ ਪਰ ਹੁਣ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਮਾਣਯੋਗ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਰਿੱਟ ਪਟੀਸ਼ਨ ਨੂੰ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਹੈ।
ਫਤਿਹਗੜ੍ਹ ਸਾਹਿਬ ਵਿਖੇ 13 ਕਿਸਾਨ ਜਥੇਬੰਦੀਆਂ ਦੀ ਸਾਂਝੀ ਗੱਠਜੋੜ ਕਮੇਟੀ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ । ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਅਦਾਲਤਾਂ ਤੇ ਭਰੋਸਾ ਨਹੀਂ ਰਿਹਾ। ਕਿਸਾਨਾਂ ਜਥੇਬੰਦੀਆਂ ਮੁਤਾਬਕ ਅਸੀਂ ਸੰਘਰਸ਼ ਜਿੱਤ ਹਾਸਲ ਕਰਾਂਗੇ।ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲਾ ਦਾ ਕਹਿਣਾ ਹੈ ਕਿ ਰਿੱਟ ਪਟੀਸ਼ਨ ਵਾਪਸ ਹੋਣ ਤੱਕ ਲੱਖੋਵਾਲ ਕੋਈ ਪ੍ਰੈੱਸ ਸਟੇਟਮੈਂਟ ਨਹੀਂ ਦੇਣਗੇ ।
ਇਥੇ ਇਹ ਦੱਸਣਯੋਗ ਹੈ ਕਿ ਦੇਸ਼ ਦੇ ਮਸ਼ਹੂਰ ਐਡਵੋਕੇਟ ਜੀ. ਐੱਸ ਘੁੰਮਣ, ਜੀ. ਪੀ. ਐੱਸ ਘੁੰਮਣ (ਘੁੰਮਣ ਬ੍ਰਦਰਜ਼) ਵੱਲੋਂ ਇਹ ਪਟੀਸ਼ਨ ਸੁਪਰੀਮ ਕੋਰਟ ‘ਚ ਦਾਖਲ ਕੀਤੀ ਗਈ ਸੀ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸੁਪਰੀਮ ਕੋਰਟ ‘ਚ ਰਿੱਟ ਪਟੀਸ਼ਨ ਦਾਖ਼ਲ ਕਰ ਬੇਨਤੀ ਕੀਤੀ ਸੀ ਕਿ ਇਹ ਤਿੰਨੋ ਬਿੱਲ ਮੁੱਢੋਂ ਹੀ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਬਿੱਲ ਦੇਸ਼ ਦੇ ਕਿਸਾਨਾਂ ਦੇ ਮੌਤ ਵਾਰੰਟ ਹਨ ਅਤੇ ਮੋਦੀ ਸਰਕਾਰ ਦਾ ਦਾ ਇੱਕੋ ਟੀਚਾ ਇਨ੍ਹਾਂ ਰਾਹੀਂ ਕਾਰਪੋਰੇਟ ਅਦਾਰਿਆਂ ਨੂੰ ਲਾਭ ਪਹੁੰਚਾਉਣਾ ਹੈ। ਕੇਂਦਰ ਸਰਕਾਰ ਵੱਲੋਂ ਇਹ ਬਿੱਲ ਧੱਕੇ ਨਾਲ ਕਿਸਾਨਾਂ ‘ਤੇ ਥੋਪੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ‘ਚ ਜਦੋਂ ਕਿ ਦੇਸ਼ ਕੋਰੋਨਾ ਵਰਗੀ ਮਹਾਮਾਰੀ ਨਾਲ ਸੰਘਰਸ਼ ਕਰ ਰਿਹਾ ਹੈ ਅਜਿਹੇ ਸਮੇਂ ‘ਚ ਮੋਦੀ ਸਰਕਾਰ ਵੱਲੋਂ ਇਨ੍ਹਾਂ ਖੇਤੀ ਬਿੱਲਾਂ ਨੂੰ ਪਾਸ ਕੀਤਾ ਗਿਆ। ਜੇਕਰ ਇਹ ਬਿੱਲ ਇੰਨੇ ਹੀ ਜ਼ਰੂਰੀ ਸਨ ਤਾਂ ਥੋੜ੍ਹਾ ਰੁਕ ਕੇ ਵੀ ਪਾਸ ਕੀਤੇ ਜਾ ਸਕਦੇ ਸਨ ਇੰਨੀ ਕਾਹਲੀ-ਕਾਹਲੀ ‘ਚ ਤੇ ਬਿਨਾਂ ਕਿਸਾਨਾਂ ਦੇ ਸਮਰਥਨ ਤੋਂ ਪਾਸ ਕਰਨਾ ਗਲਤ ਹੈ।