Farmers rescue Mansa : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ 9 ਅਕਤੂਬਰ ਨੂੰ ਬੁਢਲਾਡਾ ਦੇ ਰੇਲਵੇ ਸਟੇਸ਼ਨ ‘ਤੇ ਧਰਨੇ ਦੌਰਾਨ ਮਾਤਾ ਤੇਜ ਕੌਰ ਦਾ ਦੇਹਾਂਤ ਹੋ ਗਿਆ ਸੀ। ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਕਿਸਾਨ ਸੰਗਠਨ ਬੀ. ਕੇ. ਯੂ. ਏਕਤਾ ਉਗਰਾਹਾਂ ਵੱਲੋਂ ਜ਼ਬਰਦਸਤ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਸਰਕਾਰ ਤੇ ਕਿਸਾਨਾਂ ਦਰਮਿਆਨ ਸਮਝੌਤਾ ਹੋ ਗਿਆ ਤੇ ਮਾਤਾ ਤੇਜ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਮੰਨ ਲਈ ਗਈ। ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਸੀ ਜਿਸ ‘ਚੋਂ 5 ਲੱਖ ਰੁਪਏ ਚੈੱਕਾਂ ਦੁਆਰਾ ਦੇ ਦਿੱਤੇ ਗਏ ਪਰ ਬਾਕੀ 5 ਲੱਖ ਅਜੇ ਬਕਾਏ ਸਨ, ਜੋ ਕਿ ਅੱਜ ਦਿੱਤੇ ਜਾਣੇ ਸਨ ਪਰ ਸਰਕਾਰ ਵੱਲੋਂ ਮੁਆਵਜ਼ੇ ਦਾ ਬਾਕੀ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ‘ਤੇ ਕਿਸਾਨ ਭੜਕ ਗਏ ਤੇ ਇਸ ਰੋਹ ‘ਚ ਕਿਸਾਨਾਂ ਨੇ ਮਾਨਸਾ ਪੁਲਿਸ ਵਾਲਿਆਂ ਦੇ ਛੱਕੇ ਛੁਡਾ ਦਿੱਤੇ।
ਕਿਸਾਨਾਂ ਨੇ ਡੀ. ਸੀ. ਦੇ ਦਫਤਰ ਅੱਗੇ ਧਰਨਾ ਦੇ ਦਿੱਤਾ ਜਿਸ ਲਈ ਕਾਫੀ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਕਿਸਾਨਾਂ ਨੂੰ ਪੁਲਿਸ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਅੱਗੇ ਰੋਕ ਲਿਆ ਗਿਆ। ਇਸ ਮੌਕੇ ਕਿਸਾਨ ਆਗੂ ਜੋਗਿੰਦਰ ਸਿੰਘ ਦਿਆਲਪੁਰਾ,ਭਾਨ ਸਿੰਘ ਬਰਨਾਲਾ ਅਤੇ ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕਰ ਰਹੇ ਹਨ। ਪੁਲਿਸ ਮੁਲਾਜ਼ਮਾਂ ਵੱਲੋਂ ਕਿਸਾਨਾਂ ਨੂੰ ਰੋਕੇ ਜਾਣ ‘ਤੇ ਕਿਸਾਨ ਰੋਹ ‘ਚ ਆ ਗਏ ਅਤੇ ਦੋਵਾਂ ਧਿਰਾਂ ਆਪਸ ‘ਚ ਭਿੜ ਗਈਆਂ ਪਰ ਪੁਲਿਸ ਵਾਲਿਆਂ ਦੀ ਕੋਈ ਵਾਹ ਨਾ ਚੱਲੀ ਅਤੇ ਕਿਸਾਨ ਡੀ. ਸੀ. ਦਫਤਰ ਵੱਲ ਤੁਰ ਪਏ। ਇਸ ਮੌਕੇ ਹੱਥਾਂ ’ਚ ਝੰਡੇ ਫੜੀ ਕਿਸਾਨਾਂ ਨੇ ਪੁਲਿਸ ਦੀ ਮੋਰਚਾਬੰਦੀ ਫੇਲ ਕਰਕੇ ਮੁਲਾਜ਼ਮਾਂ ਨੂੰ ਲੰਮਾਂ ਸਮਾਂ ਮੂਹਰੇ ਲਾਈ ਰੱਖਿਆ। ਸਾਹੋ ਸਾਹੀ ਹੋਏ ਪੁਲਿਸ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਦਫਤਰ ਤੋਂ ਪਹਿਲਾਂ ਬੈਰੀਕੇਡ ਲਾ ਕੇ ਰੋਕ ਲਿਆ। ਵੱਡੀ ਗੱਲ ਹੈ ਕਿ ਮਾਨਸਾ ਪੁਲਿਸ ਅੱਜ ਭਾਵੇਂ ਇਹ ਮੋਰਚਾ ਅਸਫਲ ਬਣਾਉਣ ਵਿੱਚ ਤਾਂ ਸਫਲ ਰਹੀ, ਪਰ ਕਿਸਾਨਾਂ ਨੂੰ ਸਰਕਾਰੀ ਦਫਤਰਾਂ ਦੀਆਂ ਜੂਹਾਂ ਤੱਕ ਸੀਮਿਤ ਰੱਖਣ ਦੀ ਇਸ ਦੀ ਨੀਤੀ ਪੂਰੀ ਤਰ੍ਹਾਂ ਫੇਲ੍ਹ ਰਹੀ।
ਕਿਸਾਨ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਨੇ ਸਪੱਸ਼ਟ ਕੀਤਾ ਕਿ ਉਹ ਮੁਆਵਜ਼ੇ ਦੀ ਮੰਗ ਲਈ ਸਿਰਫ ਸ਼ਾਂਤੀਪੂਰਵਕ ਧਰਨਾ ਦੇਣਾ ਚਾਹੁੰਦੇ ਸਨ ਪਰ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਨੇ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਹੈ। ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਅੱਜ ਭਾਵੇਂ ਪੁਲਿਸ ਵੱਲੋਂ ਉਨ੍ਹਾਂ ਦੇ ਮੋਰਚੇ ਨੂੰ ਬੈਰੀਕੇਡ ਲਗਾ ਕੇ ਰੋਕ ਦਿੱਤਾ ਗਿਆ ਪਰ ਜੇਕਰ ਜਲਦ ਹੀ ਮਾਤਾ ਤੇਜ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਬਾਕੀ ਰਹਿੰਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਹ ਫਿਰ ਤੋਂ ਸੰਘਰਸ਼ ਕਰਨਗੇ ਤੇ ਮੁਆਵਜ਼ਾ ਲੈ ਕੇ ਹੀ ਹਟਣਗੇ।