The first successful plasma : ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਪੂਰੀ ਦੁਨੀਆ ਵਿਚ ਅਜੇ ਤੱਕ ਇਸ ਦੀ ਕੋਈ ਵੀ ਕਾਰਗਰ ਦਵਾਈ ਨਹੀਂ ਬਣਾਈ ਜਾ ਸਕੇ। ਅਜਿਹੇ ਸੰਕਟ ਵਿਚਾਲੇ ਚੰਡੀਗੜ੍ਹ ਦਾ ਪੀਜੀਆਈ ਤੋਂ ਇਕ ਰਾਹਤ ਭਰੀ ਖਬਰ ਆਈ ਹੈ, ਜਿਥੇ ਕੋਰੋਨਾ ਪੀੜਤ ਮਰੀਜ਼ ਦਾ ਪਲਾਜ਼ਮਾ ਥੈਰੇਪੀ ਨਾਲ ਕੀਤਾ ਗਿਆ ਇਲਾਜ ਸਫਲ ਰਿਹਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਵਾਸੀ 60 ਸਾਲਾ ਅਨਿਲ ਗੋਇਲ ਨੂੰ ਪੀਜੀਆਈ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਇਸ ਥੈਰੇਪੀ ਦੇ ਸਫਲ ਹੋਣ ਨਾਲ ਡਾਕਟਰਾਂ ਦੀ ਟੀਮ ਕਾਫੀ ਉਤਸ਼ਾਹਿਤ ਹੈ ਕਿਉਂਕਿ 60 ਜਾਂ ਉਸ ਤੋਂ ਵੱਧ ਉਮਰ ਵਾਲਿਆਂ ਲਈ ਇਹ ਮਹਾਮਾਰੀ ਜਾਨਲੇਵਾ ਸਿੱਧ ਹੋ ਰਹੀ ਹੈ, ਪਰ ਪਲਾਜ਼ਮਾ ਥੈਰੇਪੀ ਨਾਲ ਅਜਿਹੇ ਲੋਕਾਂ ਦੇ ਠੀਕ ਹੋਣ ਦੀ ਉਮੀਦ ਵਧ ਗਈ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਇਹ ਪਹਿਲਾ ਮਰੀਜ਼ ਹੈ ਜਿਸ ’ਤੇ ਪਲਾਜ਼ਮਾ ਥੈਰੇਪੀ ਕੀਤੀ ਗਈ ਤੇ ਉਹ ਬਿਲਕੁਲ ਠੀਕ ਹੋ ਗਿਆ। ਇਸ ’ਤੇ ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਮਰੀਜ਼ ਦਾ ਸਫਲ ਇਲਾਜ ਕਰਨ ’ਤੇ ਡਾਕਟਰਾਂ ਦੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਪੀਜੀਈਆਈ ਬਲੱਡ ਬੈਂਕ ਵਿਭਾਗ ਦੇ ਮੁੱਖ ਡਾਕਟਰ ਰੱਤੀ ਰਾਮ ਸ਼ਰਮਾ ਨੇ ਦੱਸਿਆ ਕਿ ਅਨਿਲ ਗੋਇਲ ਪਲਾਜਮਾ ਥੈਰੇਪੀ ਦੇ ਮਾਪਦੰਡ ਵਿਚ ਫਿਟ ਸਨ, ਇਸ ਲਈ ਉਨ੍ਹਾਂ ਦਾ ਇਲਾਜ ਕੀਤਾ ਗਿਆ। ਹੁਣ 3 ਮਰੀਜ਼ਾਂ ਨੂੰ ਇਹ ਥੈਰੇਪੀ ਦਿੱਤੀ ਗਈ ਹੈ। ਫਿਲਹਾਲ ਉਹ ਰਿਕਵਰੀ ਪੁਆਇੰਟ ‘ਤੇ ਹੈ।
ਦੱਸਣਯੋਗ ਹੈ ਕਿ ਅਪ੍ਰੈਲ ਵਿਚ ICMR ਨੇ ਪੀਜੀਆਈ ਨੂੰ ਕੋਰੋਨਾ ਪੀੜਤਾਂ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਕਰਨ ਦੀ ਇਜਾਜ਼ਤ ਦਿੱਤੀ ਸੀ। ਕੁਰੂਕਸ਼ੇਤਰ ਦੇ ਖੇਤਰ ਲਾਡਵਾ ਵਾਸੀ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਜ਼ਿਾਦਾ ਮੁਸ਼ਕਲ ਹੋਣ ਕਾਰਨ ਪਰਿਵਾਰ ਵਾਲੇ 31 ਮਈ ਨੂੰ ਉਸ ਨੂੰ ਪੀ.ਜੀ.ਆਈ. ਲੈ ਕੇ ਆਏ। ਪੀਜੀਆਈ ਵਿਚ ਡਾਕਟਰਾਂ ਅਤੇ ਸਟਾਫ ਵੱਲੋਂ ਉਨ੍ਹਾਂ ਦਾ ਵਧੀਆ ਢੰਗ ਨਾਲ ਇਲਾਜ ਕੀਤਾ ਗਿਆ।