ਚੰਡੀਗੜ੍ਹ : ਫਲਾਇੰਗ ਸਿੱਖ ਮਿਲਖਾ ਸਿੰਘ ਦੀ ਮੌਤ ‘ਤੇ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਹਰ ਕੋਈ ਆਪਣੇ ਤਰੀਕੇ ਨਾਲ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਇਸੇ ਕੜੀ ਵਿਚ ਚੰਡੀਗੜ੍ਹ ਦੇ ਕਲਾਕਾਰ ਵਰੁਣ ਟੰਡਨ ਨੇ ਵੀ ਇਕ ਵਿਲੱਖਣ ਕੋਸ਼ਿਸ਼ ਕੀਤੀ ਹੈ। ਵਰੁਣ ਟੰਡਨ ਨੇ ਮਿਲਖਾ ਸਿੰਘ ਦੀ ਤਸਵੀਰ ਕਬੂਤਰ ਦੇ ਖੰਭ ‘ਤੇ ਉਕੇਰੀ ਹੈ।
ਵਰੁਣ ਨੇ ਦੱਸਿਆ ਕਿ ਮਿਲਖਾ ਸਿੰਘ ਸਿਰਫ ਚੰਡੀਗੜ੍ਹ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਮਾਣ ਸੀ। ਉਨ੍ਹਾਂ ਦੇ ਚਲੇ ਜਾਣ ਨਾਲ ਖੇਡ ਜਗਤ ਦੇ ਨਾਲ-ਨਾਲ ਸਮਾਜ ਦੇ ਨੌਜਵਾਨਾਂ ਦਾ ਬਹੁਤ ਵੱਡਾ ਘਾਟਾ ਹੋਇਆ ਹੈ, ਜਿਸ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਅਜਿਹੇ ਸਮੇਂ ਦੇਸ਼ ਦਾ ਨਾਮ ਰੋਸ਼ਨ ਕਰਨਾ ਸ਼ੁਰੂ ਕੀਤਾ ਜਦੋਂ ਅਸੀਂ ਗੁਲਾਮੀ ਦੀਆਂ ਯਾਦਾਂ ਤੋਂ ਉਭਰ ਰਹੇ ਸੀ। 1958 ਤੋਂ ਪਹਿਲਾਂ, ਭਾਰਤ ਇੱਕ ਗੁਲਾਮ ਦੇਸ਼ ਵਜੋਂ ਜਾਣਿਆ ਜਾਂਦਾ ਸੀ, ਪਰ ਓਲੰਪਿਕ ਵਿੱਚ ਮਿਲਖਾ ਸਿੰਘ ਦੀ ਪਹਿਲੀ ਕਾਰਗੁਜ਼ਾਰੀ ਨੇ ਨਾ ਸਿਰਫ ਖੇਡ ਜਗਤ, ਬਲਕਿ ਪੂਰੀ ਦੁਨੀਆ ਦੇ ਸਾਹਮਣੇ ਭਾਰਤ ਦਾ ਨਾਮ ਉੱਚਾ ਕੀਤਾ। ਕੋਰੋਨਾ ਹੋਣ ਤੱਕ ਉਹ ਹਮੇਸ਼ਾ ਐਕਟਿਵ ਰਹੇ ਜੋਕਿ ਦੇਸ਼ ਦੇ ਹਰ ਵਿਅਕਤੀ ਲਈ ਮੋਟੀਵੇਸ਼ਨ ਦਾ ਸਾਧਨ ਸੀ।
ਵਰੁਣ ਨੇ ਦੱਸਿਆ ਕਿ ਦੇਰ ਰਾਤ ਮਿਲਖਾ ਸਿੰਘ ਦੀ ਮੌਤ ਦੀ ਖ਼ਬਰ ਮਿਲੀ ਸੀ। ਮੈਂ ਇਹੀ ਸੋਚ ਰਿਹਾ ਸੀ ਕਿ ਫਲਾਇੰਗ ਸਿੱਖ ਨੂੰ ਕਿਵੇਂ ਸ਼ਰਧਾਂਜਲੀ ਦਿੱਤੀ ਜਾਵੇ। ਜਦੋਂ ਮੈਂ ਛੱਤ ’ਤੇ ਇੱਕ ਖੰਭ ਵੇਖਿਆ ਤਾਂ ਇਸ ਨੂੰ ਕੱਟ ਕੇ ਮੈਂ ਫਲਾਇੰਗ ਸਿੱਖ ਦੀ ਤਸਵੀਰ ਬਣਾਈ ਹੈ। ਇਹ ਇਕ ਅਜਿਹੀ ਕਲਾਕਾਰੀ ਹੈ ਜਿਸ ਨੂੰ ਲੰਬੇ ਸਮੇਂ ਤੱਕ ਸਮੇਟ ਕੇ ਰੱਖਿਆ ਜਾ ਸਕਦਾ ਹੈ ਅਤੇ ਮਿਲਖਾ ਸਿੰਘ ਨੂੰ ਯਾਦ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਵੱਖ ਵੱਖ ਕਲਾਕਾਰ ਫਲਾਇੰਗ ਸਿੱਖ ਦੀ ਮੌਤ ‘ਤੇ ਸੋਗ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਫਲਾਇੰਗ ਸਿੱਖ ਕੋਰੋਨਾ ਤੋਂ ਪੀੜ੍ਹਤ ਸੀ। ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ। ਮਿਲਖਾ ਸਿੰਘ ਕੋਰੋਨਾ ਨੂੰ ਹਰਾਉਣ ਤੋਂ ਬਾਅਦ ਠੀਕ ਸੀ, ਪਰ ਅਚਾਨਕ ਉਸਨੂੰ 18 ਜੂਨ ਦੀ ਦੇਰ ਰਾਤ ਬੁਖਾਰ ਹੋ ਗਿਆ, ਜਿਸਦੇ ਬਾਅਦ ਆਕਸੀਜਨ ਦਾ ਪੱਧਰ ਘੱਟ ਗਿਆ। ਇਸ ਤੋਂ ਬਾਅਦ ਰਾਤ 11: 23 ਵਜੇ ਉਸਦੀ ਮੌਤ ਹੋ ਗਈ। ਉਸ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਰਕਾਰੀ ਨੌਕਰੀ ਦੇ ਲਾਰਿਆਂ ਤੋਂ ਨਾਰਾਜ਼ 14 ਖਿਡਾਰੀਆਂ ਦਾ ਐਲਾਨ- ਪੰਜਾਬ ਸਰਕਾਰ ਨੂੰ ਵਾਪਿਸ ਕਰਨਗੇ ਐਵਾਰਡ
ਮਿਲਖਾ ਸਿੰਘ ਨੇ 91 ਸਾਲ ਦੀ ਉਮਰ ‘ਚ ਆਪਣਾ ਆਖਰੀ ਸਾਹ ਲਿਆ। ਬੀਤੇ ਦਿਨ ਹੀ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ, ਪਰ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਤੇ ਦੇਰ ਰਾਤ ਉਨ੍ਹਾਂ ਦਾ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ‘ਚ ਦਿਹਾਂਤ ਹੋ ਗਿਆ।