WhatsApp plans pilot projects: WhatsApp ਹੁਣ ਭਾਰਤ ਵਿੱਚ ਲੋਕਾਂ ਨੂੰ ਲੋਨ ਵੀ ਦੇਵੇਗਾ । ਕੰਪਨੀ ਨੇ ਇਸਦੇ ਲਈ ਭਾਰਤੀ ਬੈਂਕਾਂ ਨਾਲ ਭਾਈਵਾਲੀ ਕੀਤੀ ਹੈ । ਇਹ ਕੰਪਨੀ ਘੱਟ ਆਮਦਨੀ ਵਾਲੇ ਕਰਮਚਾਰੀਆਂ ਲਈ ਬੀਮਾ ਅਤੇ ਪੈਨਸ਼ਨ ਦਾ ਵੀ ਪ੍ਰਬੰਧ ਕਰੇਗੀ । ਫੇਸਬੁੱਕ ਦੀ ਕੰਪਨੀ ਵਟਸਐਪ ਨੇ ਇਸ ਸੇਵਾ ਲਈ ICICI ਬੈਂਕ ਅਤੇ HDFC ਬੈਂਕ ਨਾਲ ਭਾਈਵਾਲੀ ਕੀਤੀ ਹੈ। ਫਿਲਹਾਲ ਵਟਸਐਪ ਦੀ ਇਸ ਸੇਵਾ ਦੇ ਤਹਿਤ ਪੇਂਡੂ ਖੇਤਰਾਂ ਵਿੱਚ ਬੀਮਾ ਅਤੇ ਪੈਨਸ਼ਨ ਦੇਣ ਦੀ ਗੱਲ ਚਲ ਰਹੀ ਹੈ ।
Whatsapp ਇੰਡੀਆ ਦੇ ਮੁਖੀ ਅਭਿਜੀਤ ਬੋਸ ਨੇ ਕਿਹਾ ਹੈ ਕਿ ਕੰਪਨੀ ਆਉਣ ਵਾਲੇ ਸਾਲ ਵਿੱਚ ਵਧੇਰੇ ਬੈਂਕਾਂ ਨਾਲ ਭਾਈਵਾਲੀ ਕਰ ਕੇ ਖਾਸ ਤੌਰ ‘ਤੇ ਘੱਟ ਆਮਦਨੀ ਵਾਲੇ ਅਤੇ ਪੇਂਡੂ ਲੋਕਾਂ ਲਈ ਬੈਂਕਿੰਗ ਸੇਵਾ ਸੌਖੀ ਬਣਾਉਣਾ ਚਾਹੁੰਦੀ ਹੈ । ਬੈਂਕ ਨਾਲ ਭਾਈਵਾਲੀ ਦੇ ਤਹਿਤ ਗਾਹਕ ਸਵੈਚਾਲਤ ਟੈਕਸਟ ਰਾਹੀਂ ਬੈਂਕ ਨਾਲ ਗੱਲਬਾਤ ਕਰ ਸਕਣਗੇ । ਇਸਦੇ ਲਈ ਤੁਹਾਨੂੰ ਆਪਣਾ WhatsApp ਨੰਬਰ ਬੈਂਕ ਵਿੱਚ ਰਜਿਸਟਰ ਕਰਨਾ ਪਵੇਗਾ। ਇਸ ਤੋਂ ਬਾਅਦ ਗਾਹਕ ਆਪਣੇ ਬੈਂਕ ਬੈਲੇਂਸ ਨਾਲ ਜੁੜੀ ਹੋਰ ਜਾਣਕਾਰੀ ਵਟਸਐਪ ‘ਤੇ ਹਾਸਿਲ ਕਰ ਸਕਣਗੇ।
Whatsapp ਇੰਡੀਆ ਦੇ ਮੁਖੀ ਨੇ ਇਹ ਵੀ ਕਿਹਾ ਹੈ ਕਿ ਅਗਲੇ ਦੋ ਸਾਲਾਂ ਵਿੱਚ ਕੰਪਨੀ ਦਾ ਟੀਚਾ ਬੈਂਕਾਂ ਨਾਲ ਮਿਲ ਕੇ ਘੱਟ ਆਮਦਨੀ ਵਾਲੇ ਕਰਮਚਾਰੀਆਂ ਲਈ ਬੀਮਾ, ਮਾਈਕ੍ਰੋ ਕਰੈਡਿਟ ਅਤੇ ਪੈਨਸ਼ਨ ਵਰਗੀਆਂ ਸਹੂਲਤਾਂ ਨੂੰ ਸੌਖਾ ਬਣਾਉਣਾ ਹੈ। ਕੰਪਨੀ ਜਲਦ ਹੀ ਇਸਦਾ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਗੌਰਤਲਬ ਹੈ ਕਿ Whatsapp ਦੋ ਸਾਲ ਪਹਿਲਾਂ ਯਾਨੀ ਕਿ 2018 ਤੋਂ ਭਾਰਤ ਵਿੱਚ WhatsApp Payment ਦੀ ਜਾਂਚ ਕਰ ਰਿਹਾ ਹੈ, ਪਰ ਸਰਕਾਰ ਵੱਲੋਂ ਹੁਣ ਤੱਕ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਫੇਸਬੁੱਕ ਨੇ ਬ੍ਰਾਜ਼ੀਲ ਵਿੱਚ WhatsApp ਭੁਗਤਾਨ ਸੇਵਾ ਦੀ ਸ਼ੁਰੂਆਤ ਕੀਤੀ ਸੀ। ਪਰ ਕੁਝ ਸਮੇਂ ਬਾਅਦ ਹੀ ਉੱਥੇ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ । ਸਿਰਫ ਇਹ ਹੀ ਨਹੀਂ, ਫੇਸਬੁੱਕ ਦੀ ਕ੍ਰਿਪਟੋਕੁਰੰਸੀ ਲਿਬਰਾ ਲਿਆਉਣ ਦਾ ਸੁਪਨਾ ਵੀ ਫਿਲਹਾਲ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਫੇਸਬੁੱਕ ਭਾਰਤ ਵਿੱਚ ਵਟਸਐਪ ਦੀ ਇਸ ਸੇਵਾ ਨੂੰ ਕਿਵੇਂ ਅੱਗੇ ਲੈ ਕੇ ਜਾਂਦੀ ਹੈ। ਹਾਲਾਂਕਿ, ਇਹ ਸੇਵਾ ਵਟਸਐਪ ਦੇ ਭੁਗਤਾਨ ਤੋਂ ਬਿਲਕੁਲ ਵੱਖਰੀ ਹੈ, ਇਸ ਲਈ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਕੰਪਨੀ ਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਆਵੇਗੀ।