A meeting of the Syndicate : ਸਿੰਡੀਕੇਟ ਯੂਨੀਵਰਸਿਟੀ ਦੇ ਫ਼ੈਸਲੇ ਲੈਣ ਵਾਲੀ 15 ਮੈਂਬਰੀ ਕਮੇਟੀ ਹੁੰਦੀ ਹੈ। ਸਿੰਡੀਕੇਟ ਤੋਂ ਮਨਜ਼ੂਰੀ ਤੋਂ ਬਾਅਦ ਹੀ ਕੋਈ ਮਸਲਾ ਸੈਨੇਟ ਵਿੱਚ ਜਾਂਦਾ ਹੈ ਜੋ ਕਿ ਯੂਨੀਵਰਸਿਟੀ ਦੀ ਸਰਵਉੱਚ ਕਮੇਟੀ ਹੈ। ਸੈਨੇਟ ਦੀ ਮਨਜ਼ੂਰੀ ਤੋਂ ਬਾਅਦ ਹੀ ਫ਼ੈਸਲੇ ਲਾਗੂ ਹੁੰਦੇ ਹਨ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਫ਼ੀਸ ਵਿੱਚ 5% ਵਾਧਾ ਕਰਨ ਦੀ ਤਿਆਰੀ ਵਿੱਚ ਹੈ। ਇਸ ਨੂੰ ਲੈ ਕੇ ਸਿੰਡੀਕੇਟ ਦੀ ਮੀਟਿੰਗ 30 ਮਈ ਨੂੰ ਹੋਣ ਜਾ ਰਹੀ ਹੈ। ਲੌਕਡਾਊਨ ਦੇ ਬਾਅਦ ਇਹ ਮਾਰਚ ਤੋਂ ਬਾਅਦ ਸਿੰਡੀਕੇਟ ਦੀ ਪਹਿਲੀ ਮੀਟਿੰਗ ਹੈ। 15 ਮੈਂਬਰੀ ਸਿੰਡੀਕੇਟ ਦੇ ਏਜੰਡੇ ਉੱਤੇ ਹੋਰ ਮਸਲਿਆਂ ਨਾਲ ਫ਼ੀਸ ਵਿੱਚ ਵਾਧਾ ਵੀ ਹੈ। ਵੱਖ-ਵੱਖ ਕੋਰਸਾਂ ਵਿੱਚ ਨਵੇਂ ਆਉਣ ਵਾਲੇ ਅਤੇ ਪਹਿਲਾਂ ਹੀ ਪੜ੍ਹ ਰਹੇ ਵਿਦਿਆਰਥੀਆਂ ਲਈ 5% ਫ਼ੀਸ ਵਧ ਸਕਦੀ ਹੈ।
ਨਵੇਂ ਡੀਨ ਵਿਦਿਆਰਥੀ ਭਲਾਈ (DSW) ਦੀ ਨਿਯੁਕਤੀ ਦਾ ਏਜੰਡਾ ਵੀ ਟੇਬਲ ਹੋ ਸਕਦਾ ਹੈ। ਪਿਛਲੇ ਸਾਲ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵੇਲੇ ਇਸ ਪੋਸਟ ‘ਤੇ ਕਾਫ਼ੀ ਵਿਵਾਦ ਰਿਹਾ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਇਮੈਨੁਅਲ ਨਾਹਰ ਨੂੰ ਬਦਲਣ ਦਾ ਮੁੱਦਾ ਹਾਈਕੋਰਟ ਤੱਕ ਚਲਾ ਗਿਆ ਸੀ। ਹਾਲਾਂਕਿ ਕੋਰਟ ਦਾ ਫ਼ੈਸਲਾ ਪ੍ਰੋਫੈਸਰ ਨਾਹਰ ਦੇ ਹੱਕ ਵਿੱਚ ਭੁਗਤਿਆ ਸੀ। ਪ੍ਰੋਫੈਸਰ ਨਾਹਰ 31 ਮਈ ਨੂੰ ਸੇਵਾਮੁਕਤ ਹੋ ਰਹੇ ਹਨ। ਵਾਈਸ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ਸਿੰਡੀਕੇਟ ਮੀਟਿੰਗ ਦੌਰਾਨ ਏਜੰਡਾ ਟੇਬਲ ਕਰ ਕੇ ਕਿਸੇ ਨਾਮ ਦੀ ਸਿਫ਼ਾਰਿਸ਼ ਇਸ ਪੋਸਟ ਲਈ ਕਰ ਸਕਦੇ ਹਨ।
ਫਰਵਰੀ ਵਿੱਚ ਹੋਈ ਫ਼ੀਸ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਚੇਤਨ ਚੌਧਰੀ ਅਤੇ ਸੈਕਟਰੀ ਤੇਗਬੀਰ ਸਿੰਘ ਨੇ ਵਿਰੋਧ ਦਰਜ ਕਰਵਾਇਆ ਸੀ। ਇਸ ਮੀਟਿੰਗ ਦੇ ਮਿਨਟ ਸਿੰਡੀਕੇਟ ਦੀ ਮੀਟਿੰਗ ਵਿੱਚ ਰੱਖੇ ਜਾਣੇ ਹਨ। ਪੀ ਯੂ ਵਿੱਚ ਤਕਰੀਬਨ ਹਰ ਸਾਲ ਫ਼ੀਸ ਵਧਾਈ ਜਾਂਦੀ ਹੈ ਅਤੇ ਹਰ ਵਾਰ ਵਿਦਿਆਰਥੀਆਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾਂਦਾ ਹੈ। ਪਿਛਲੇ ਸਾਲ ਵਧਾਈ ਗਈ ਫ਼ੀਸ ਦੇ ਨਾਲ ਨਾਲ ਸੈਨੇਟ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਹਰ ਸਾਲ ਨਵੇਂ ਤੇ ਪਹਿਲਾਂ ਹੀ ਪੜ੍ਹ ਰਹੇ ਵਿਦਿਆਰਥੀਆਂ ਲਈ 5% ਫ਼ੀਸ ਵਧਾਈ ਜਾਵੇਗੀ। ਪਿਛਲੇ ਸਾਲ ਇਸ ਵਾਧੇ ਦੀ ਘੱਟੋ-ਘੱਟ ਅਤੇ ਵੱਧੋ-ਵੱਧ ਲਿਮਿਟ ਵੀ ਰੱਖੀ ਗਈ ਸੀ ਪਰ ਇਸ ਲਿਮਿਟ ਨਾਲ ਪਰੰਪਰਾਗਤ ਕੋਰਸਾਂ ਵਿੱਚ 10% ਫ਼ੀਸ ਵਧ ਗਈ ਸੀ। ਸਿੰਡੀਕੇਟ ਦੀ ਮੀਟਿੰਗ ਵਿੱਚ 2020-21 ਦੇ ਲਈ ਅਕਾਦਮਿਕ ਕਲੰਡਰ ਉੱਤੇ ਵੀ ਚਰਚਾ ਹੋਵੇਗੀ।