Chief Minister assured to take migrants : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਮੁਖੀਆਂ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਕਿ ਕੋਈ ਵੀ ਪ੍ਰਵਾਸੀ ਮਜ਼ਦੂਰ ਘਰ ਵਾਪਿਸ ਜਾਣ ਲਈ ਕਿਸੇ ਹੋਰ ਸੂਬੇ ਨੂੰ ਪੈਦਲ ਚੱਲ ਕੇ ਜਾਣ ਜਾਂ ਪੰਜਾਬ ਵਿੱਚ ਹੁੰਦਿਆਂ ਭੁੱਖੇ ਪੇਟ ਰਹਿਣ ਲਈ ਮਜਬੂਰ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਪਰਵਾਸੀ ਮਜ਼ਦੂਰਾਂ ਦੀ ਪਿੱਤਰੀ ਸੂਬਿਆਂ ਵਿੱਚ ਸੁਰੱਖਿਅਤ ਪਹੁੰਚ ਯਕੀਨੀ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਜੇਕਰ ਕਿਸੇ ਵੀ ਪਰਵਾਸੀ ਦੇ ਸੜਕ ’ਤੇ ਤੁਰੇ ਜਾਂਦੇ ਦਾ ਪਤਾ ਲੱਗੇ ਤਾਂ ਉਸ ਨੂੰ ਨੇੜੇ ਦੀ ਥਾਂ ’ਤੇ ਛੱਡਿਆ ਜਾਵੇ, ਜਿੱਥੇ ਉਹ ਆਪਣੇ ਪਿੱਤਰੀ ਸੂਬੇ ਲਈ ਰੇਲ ਗੱਡੀ ਜਾਂ ਬੱਸ ਲੈ ਸਕੇ। ਉਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਨਾਂ ਨੂੰ ਪੰਜਾਬ ਛੱਡਣ ਤੱਕ ਭੋਜਨ ਅਤੇ ਪਾਣੀ ਮੁਹੱਈਆ ਕਰਵਾਉਣਾ ਚਾਹੀਦਾ ਹੈ।
ਪ੍ਰਵਾਸੀਆਂ ਨੂੰ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸੂਬਾ ਸਰਕਾਰ ਜੱਦੀ ਸੂਬੇ ਵਿੱਚ ਵਾਪਸੀ ਦੇ ਚਾਹਵਾਨ ਹਰੇਕ ਪ੍ਰਵਾਸੀ ਦੀ ਸਹਾਇਤਾ ਕਰੇਗੀ ਅਤੇ ਉਨਾਂ ਦੇ ਮੁਫ਼ਤ ਸਫਰ ਅਤੇ ਭੋਜਨ ਦਾ ਵੀ ਬੰਦੋਬਸਤ ਕਰੇਗੀ। ‘ਸੰਕਟ ਵਿੱਚ ਹਰੇਕ ਵਿਅਕਤੀ ਦਾ ਧਿਆਨ ਰੱਖਣ’ ਪ੍ਰਤੀ ਸੂਬੇ ਦੀ ਵਚਨਬੱਧਤਾ ਨੂੰ ਦਰਸਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪਰਵਾਸੀਆਂ ਨੂੰ ਸਾਡੇ ਸਹਿਯੋਗੀ ਭਾਰਤੀ ਦੱਸਿਆ ਜੋ ਸੂਬੇ ਅਤੇ ਇੱਥੋਂ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਂਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪਰਵਾਸੀਆਂ ਨੂੰ ਆਪਣੇ ਜੱਦੀ ਸੂਬੇ ਵਿੱਚ ਵਾਪਸੀ ਕਰਨ ਦਾ ਔਖਾ ਪੈਂਡਾ ਪੈਦਲ ਚੱਲ ਕੇ ਤੈਅ ਕਰਨ ਦੀ ਕੋਸ਼ਿਸ਼ ਨਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਸੂਬਾ ਸਰਕਾਰ ਉਨਾਂ ਦੇ ਸਫ਼ਰ ਲਈ ਰੇਲਾਂ ਅਤੇ ਬੱਸਾਂ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਉਦੋਂ ਤੱਕ ਸਬੰਧਤ ਸੂਬਿਆਂ ਲਈ ਰੇਲਾਂ ਚਲਾਏ ਜਾਣ ਨੂੰ ਜਾਰੀ ਰੱਖੇਗੀ ਜਦੋਂ ਤੱਕ ਇਨਾਂ ਲੋਕਾਂ ਵੱਲੋਂ ਆਪਣੇ ਸੂਬਿਆਂ ਨੂੰ ਜਾਣ ਦੀ ਇੱਛਾ ਪ੍ਰਗਟਾਈ ਜਾਵੇਗੀ। ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਪਿੱਤਰੀ ਸੂਬਿਆਂ ਨੂੰ ਵਾਪਸ ਜਾਣ ਦੇ ਇਛੁੱਕ ਪ੍ਰਵਾਸੀ ਕਿਰਤੀਆਂ ਨੂੰ ਵਾਪਸ ਭੇਜਣ ਲਈ ਖਾਣਾ ਅਤੇ ਯਾਤਰਾ ਦੀ ਸਹੂਲਤ ਮੁਫਤ ਮੁਹੱਈਆ ਕਰਵਾਉਣ ਲਈ ਅਪ੍ਰੈਲ ਦੇ ਅੰਤ ਵਿੱਚ ਲਏ ਫੈਸਲੇ ਤੋਂ ਬਾਅਦ ਇਨਾਂ ਕਿਰਤੀਆਂ ਨੂੰ ਸਬੰਧਤ ਸੂਬਿਆਂ ਨੂੰ ਭੇਜਣ ਲਈ ਮੁਫਤ ਯਾਤਰਾ ਦੀ ਸਹੂਲਤ ਲਈ ਸੂਬਾ ਸਰਕਾਰ ਪਹਿਲਾਂ ਹੀ ਰੇਲਵੇ ਨੂੰ 20 ਕਰੋੜ ਦੀ ਅਦਾਇਗੀ ਕਰ ਚੁੱਕੀ ਹੈ।
ਮੁੱਖ ਮੰਤਰੀ ਨੇ ਸਾਂਝਾ ਕੀਤਾ ਕਿ ਅੱਜ 300ਵੀਂ ਸ਼੍ਰਮਿਕ ਰੇਲ ਗੱਡੀ ਪਟਿਆਲਾ ਤੋਂ ਸ਼ਾਮ 5 ਵਜੇ ਉੱਤਰ ਪ੍ਰਦੇਸ਼ ਲਈ ਰਵਾਨਾ ਹੋ ਚੁੱਕੀ ਹੈ। ਉਨਾਂ ਕਿਹਾ ਕਿ ਐਤਵਾਰ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਵੱਖ-ਵੱਖ ਸੂਬਿਆਂ ਜਿਨਾਂ ਵਿੱਚ ਦੱਖਣੀ ਭਾਰਤੀ ਅਤੇ ਉੱਤਰ-ਪੂਰਬੀ ਸੂਬੇ ਵੀ ਸ਼ਾਮਲ ਹਨ, ਲਈ 311 ਸ਼੍ਰਮਿਕ ਰੇਲ ਗੱਡੀਆਂ ਰਾਹੀਂ 3.90 ਲੱਖ ਪਰਵਾਸੀ ਕਿਰਤੀਆਂ ਨੂੰ ਭੇਜਿਆ ਜਾ ਚੁੱਕਾ ਹੈ। ਪੰਜਾਬ ਵਿੱਚ ਪਰਵਾਸੀ ਕਿਰਤੀਆਂ ਨੂੰ ਉਨਾਂ ਦੇ ਘਰ ਤੋਂ ਲੈ ਕੇ ਰੇਲਵੇ ਸਟੇਸ਼ਨਾਂ ਤੱਕ ਸਰਕਾਰੀ ਬੱਸਾਂ ਰਾਹੀਂ ਆਵਾਜਾਈ ਦੀ ਮੁਫਤ ਸਹੂਲਤ ਦਿੱਤੀ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਸਰਕਾਰੀ ਬੱਸਾਂ ਰਾਹੀਂ ਪਰਵਾਸੀ ਕਿਰਤੀਆਂ ਨੂੰ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲਿਆਂ ਤੱਕ ਬਿਨਾਂ ਕਿਰਾਇਆ ਵਸੂਲੇ ਭੇਜਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿ ਸੂਬਾ ਹੈੱਡਕੁਆਰਟਰ ਅਤੇ ਜ਼ਿਲਿਆਂ ਵਿੱਚ ਤਾਇਨਾਤ ਪੰਜਾਬ ਦੇ ਅਧਿਕਾਰੀਆਂ ਵੱਲੋਂ ਪਰਵਾਸੀਆਂ ਨੂੰ ਸੁਚਾਰੂ ਢੰਗ ਨਾਲ ਉਨਾਂ ਦੇ ਪਿੱਤਰੀ ਸੂਬਿਆਂ ਤੱਕ ਪਹੁੰਚਾਉਣ ਲਈ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।