ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਤੇ ਬੱਲੇਬਾਜ਼ ਸ਼ੁਭਮਨ ਗਿੱਲ ਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅੱਜ ਇੱਥੇ ਦੋਵੇਂ ਕ੍ਰਿਕਟਰਾਂ ਨੇ ਪਰਿਵਾਰ ਸਣੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਅਰਸੇ ਤੋਂ ਦੋਵੇਂ ਕ੍ਰਿਕਟਰਾਂ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਨਾਲ ਦੇਸ਼ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਭਾਰਤ ਦੇ ਉਪ ਜੇਤੂ ਬਣਨ ਵਿੱਚ ਸ਼ੁਭਮਨ ਗਿੱਲ ਅਤੇ ਟਵੰਟੀ-20 ਵਿਸ਼ਵ ਕੱਪ ਦੀ ਜਿੱਤ ਵਿੱਚ ਅਰਸ਼ਦੀਪ ਸਿੰਘ ਦਾ ਵੱਡਾ ਯੋਗਦਾਨ ਸੀ। ਹਾਲ ਹੀ ਵਿੱਚ ਇੰਗਲੈਂਡ ਨਾਲ ਖੇਡੀ ਲੜੀ ਵਿੱਚ ਸ਼ੁਭਮਨ ਗਿੱਲ ਦੀ ਖੇਡ ਕਾਬਲੇ-ਏ-ਤਾਰੀਫ਼ ਸੀ।
ਭਗਵੰਤ ਸਿੰਘ ਮਾਨ ਨੇ 80-90 ਦੇ ਦਹਾਕੇ ਤੋਂ ਕ੍ਰਿਕਟ ਖੇਡ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਪੁਰਾਣੇ ਖਿਡਾਰੀਆਂ ਨੂੰ ਵੀ ਚੇਤੇ ਕੀਤਾ ਅਤੇ ਕ੍ਰਿਕਟ ਦੇ ਮੌਜੂਦਾ ਤਿੰਨੇ ਫਾਰਮੈਟਾਂ ਅਤੇ ਘਰੇਲੂ ਕ੍ਰਿਕਟ ਉੱਪਰ ਵੀ ਚਰਚਾ ਕੀਤੀ। ਦੋਵੇਂ ਕ੍ਰਿਕਟਰਾਂ ਨੇ ਖੇਡ ਦੀ ਬਾਰੀਕੀਆਂ ਬਾਰੇ ਵੀ ਗੱਲ ਕੀਤੀ। ਦੋਵੇਂ ਕ੍ਰਿਕਟਰ ਆਉਣ ਵਾਲੀ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲੈਣ ਲਈ ਅੱਜ ਰਵਾਨਾ ਹੋ ਰਹੇ ਹਨ। ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਹਾਜ਼ਰ ਸਨ।
ਗਿੱਲ ਨੇ ਆਪਣੇ ਕਰੀਅਰ ਦਾ 7ਵਾਂ ਸੈਂਕੜਾ ਲਗਾਇਆ
ਭਾਰਤੀ ਟੀਮ ਦੇ ਉਪ ਕਪਤਾਨ ਸ਼ੁਭਮਨ ਗਿੱਲ ਨੇ ਇੰਗਲੈਂਡ ਖਿਲਾਫ ਤੀਜੇ ਵਨ ਡੇ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਵਨਡੇ ਕਰੀਅਰ ਦਾ ਸੱਤਵਾਂ ਸੈਂਕੜਾ ਲਗਾਇਆ। ਗਿੱਲ ਇਸ ਸੀਰੀਜ਼ ‘ਚ ਸ਼ਾਨਦਾਰ ਫਾਰਮ ‘ਚ ਸਨ ਅਤੇ ਉਨ੍ਹਾਂ ਨੇ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਆਪਣੀ ਫਾਰਮ ਨੂੰ ਸਾਬਤ ਕੀਤਾ ਸੀ। ਆਈਸੀਸੀ ਟੂਰਨਾਮੈਂਟ ਤੋਂ ਪਹਿਲਾਂ ਗਿੱਲ ਦਾ ਇਸ ਫਾਰਮ ਵਿੱਚ ਹੋਣਾ ਭਾਰਤ ਲਈ ਚੰਗਾ ਸੰਕੇਤ ਹੈ। ਸ਼ੁਭਮਨ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸੈਂਕੜਾ ਲਗਾਇਆ। ਗਿੱਲ ਨੇ ਇਸ ਮੈਦਾਨ ‘ਤੇ ਸਾਰੇ ਫਾਰਮੈਟਾਂ ‘ਚ ਸੈਂਕੜੇ ਲਗਾਏ ਹਨ ਅਤੇ ਉਸੇ ਮੈਦਾਨ ‘ਤੇ ਹਰ ਫਾਰਮੈਟ ‘ਚ ਸੈਂਕੜਾ ਲਗਾਉਣ ਵਾਲਾ ਦੁਨੀਆ ਦਾ ਪੰਜਵਾਂ ਬੱਲੇਬਾਜ਼ ਬਣ ਗਿਆ।
ਇਹ ਵੀ ਪੜ੍ਹੋ : ਕਿਸਾਨਾਂ ਤੇ ਕੇਂਦਰ ਵਿਚਾਲੇ ਗੱਲਬਾਤ, ਚੰਡੀਗੜ੍ਹ ਪਹੁੰਚੇ ਮੰਤਰੀ ਪ੍ਰਹਿਲਾਦ ਜੋਸ਼ੀ, ਐਂਬੂਲੈਂਸ ਰਾਹੀਂ ਲਿਆਏ ਗਏ ਡੱਲੇਵਾਲ
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਵਨਡੇ ਮੈਚ ਵਿੱਚ ਸ਼ੁਭਮਨ ਗਿੱਲ ਨੇ ਇੱਕ ਵੱਡਾ ਰਿਕਾਰਡ ਬਣਾਇਆ ਸੀ। ਗਿੱਲ ਵਨਡੇ ਇਤਿਹਾਸ ਵਿੱਚ ਸਭ ਤੋਂ ਤੇਜ਼ 2500 ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣ ਗਏ ਹਨ। ਉਸ ਨੇ ਇਹ ਉਪਲਬਧੀ ਸਿਰਫ਼ 50 ਪਾਰੀਆਂ ‘ਚ ਹਾਸਲ ਕੀਤੀ ਹੈ। ਇਸ ਦੇ ਨਾਲ ਉਸ ਨੇ ਦੱਖਣੀ ਅਫਰੀਕਾ ਦੇ ਦਿੱਗਜ ਹਾਸ਼ਿਮ ਅਮਲਾ ਦਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਵਨਡੇ ਕ੍ਰਿਕਟ ‘ਚ ਸਭ ਤੋਂ ਤੇਜ਼ 2500 ਦੌੜਾਂ ਬਣਾਉਣ ਦਾ ਰਿਕਾਰਡ ਹਾਸ਼ਿਮ ਅਮਲਾ ਦੇ ਨਾਂ ਸੀ, ਜਿਸ ਨੇ 51 ਪਾਰੀਆਂ ‘ਚ ਇਹ ਅੰਕੜਾ ਛੂਹਿਆ ਸੀ ਪਰ ਗਿੱਲ ਨੇ ਉਸ ਤੋਂ ਇਕ ਪਾਰੀ ‘ਚ ਇਹ ਉਪਲਬਧੀ ਹਾਸਲ ਕਰਕੇ ਵਿਸ਼ਵ ਕ੍ਰਿਕਟ ‘ਚ ਨਵਾਂ ਰਿਕਾਰਡ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
