Electricity connection will not be disconnected : ਬਿਜਲੀ ਬੋਰਡ ਵੱਲੋਂ ਆਪਣੇ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਉਨ੍ਹਾਂ ਕੁਨੈਕਸ਼ਨਾਂ ਦੇ 15 ਜੂਨ ਤੱਕ ਕੱਟੇ ਜਾਣ ’ਤੇ ਰੋਕ ਲਗਾ ਦਿੱਤੀ ਗਈ ਹੈ, ਜਿਨ੍ਹਾਂ ਨੇ ਆਪਣੇ ਬਿਜਲੀ ਬਿੱਲ ਨਹੀਂ ਭਰੇ ਹਨ। ਇਹ ਵਾਧੂ ਸਮਾਂ ਲੋਕਾਂ ਨੂੰ ਕੋਵਿਡ-19 ਦੇ ਚੱਲਦਿਆਂ ਲੱਗੇ ਲੌਕਡਾਊਨ ਕਾਰਨ ਦਿੱਤਾ ਗਿਆ ਹੈ, ਤਾਂਜੋ ਉਹ ਆਪਣਾ ਬਿੱਲ ਜਮ੍ਹਾ ਕਰਵਾ ਸਕਣ। ਇਥੇ ਦੱਸ ਦੇੱਈਏ ਕਿ ਜੇਕਰ ਇਸ ਤੈਅ ਕੀਤੇ ਸਮੇਂ ਤੋਂ ਬਾਅਦ ਵੀ ਕਿਸੇ ਖਪਤਕਾਰ ਵੱਲੋਂ ਬਿੱਲ ਨਾ ਭਰਿਆ ਗਿਆ ਤਾਂ ਉਸ ਤੋਂ ਬਾਅਦ ਬਿਜਲੀ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਹੁਕਮ ਪਾਵਰ ਨਿਗਮ ਦੇ ਹੈੱਡ ਆਫਿਸ ਪਟਿਆਲਾ ਸਥਿਤ ਸੀਏਐਮਡੀ ਦਫਤਰ ਵੱਲੋਂ ਜਾਰੀ ਕੀਤੇ ਗਏ ਹਨ।
ਪਾਵਰ ਨਿਗਮ ਦੇ ਸਰਕਲ ਅਤੇ ਜ਼ੋਨ ਪੱਧਰ ਦੇ ਅਧਿਕਾਰੀਆੰ ਨੂੰ ਵੀ ਇਸ ਸਬੰਧੀ ਹਿਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਐਵਰੇਜ ਦੇ ਹਿਸਾਬ ਨਾਲ ਜਿਨ੍ਹਾਂ ਲੋਕਾਂ ਨੂੰ ਗਲਤ ਬਿਜਲੀ ਦੇ ਬਿੱਲ ਮਿਲੇ ਹਨ, ਉਨ੍ਹਾਂ ਨੂੰ ਤੁਰੰਤ ਠੀਕ ਕਰਕੇ ਬਿੱਲ ਦਿੱਤੇ ਜਾਣ, ਤਾਂ ਜੋ ਬਿੱਲਾਂ ਦਾ ਭੁਗਤਾਨ ਆਸਾਨੀ ਨਾਲ ਕਰ ਸਕਣ। ਜ਼ਿਕਰਯੋਗ ਹੈ ਕਿ ਲੌਕਡਾਊਨ ਦੌਰਾਨ ਮੀਟਿੰਗ ਰੀਡਿੰਗ ’ਤੇ ਰੋਕ ਕਾਰਨ ਐਵਰੇਜ ਮੁਤਾਬਕ ਬਿੱਲ ਦਿੱਤੇ ਗਏ ਸਨ, ਜਿਨ੍ਹਾਂ ’ਤੇ ਖਪਤਕਾਰਾਂ ਨੇ ਵੱਧ ਬਿਜਲੀ ਦਾ ਬਿੱਲ ਆਉਣ ਦੀ ਸ਼ਿਕਾਇਤ ਕੀਤੀ ਸੀ ਤੇ ਉਨ੍ਹਾਂ ਨੇ ਬਿੱਲ ਜਮ੍ਹਾ ਨਹੀਂ ਕਰਵਾਏ। ਬਿਜਲੀ ਦੇ ਬਿੱਲਾਂ ਦੇ ਭੁਗਤਾਨ ਲਈ ਹੁਣ ਕੈਸ਼ ਕਾਊਂਟਰਾਂ ਨੂੰ ਵੀ 9 ਤੋਂ ਦੁਪਿਹਰ 1 ਵਜੇ ਤੱਕ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ ਆਨਲਾਈਨ ਬਿੱਲ ਦਾ ਭੁਗਤਾਨ ਨਾ ਕਰਨ ਵਾਲੇ ਖਪਤਕਾਰ ਹੁਣ ਉਥੇ ਜਾ ਕੇ ਆਪਣੇ ਬਿੱਲ ਅਦਾ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਜਿਹੜੇ ਖਪਤਕਾਰ ਆਪਣੇ ਬਿੱਲ ਤੁਰੰਤ ਪ੍ਰਭਾਵ ਨਾਲ ਠੀਕ ਕਰਵਾਉਣਾ ਚਾਹੁੰਦੇ ਹੋਣ ਉਹ ਮੀਟਿਰ ਰੀਡਿੰਗ ਦੀ ਫੋਟੋ ਖਿੱਚ ਕੇ ਸਬੰਧਤ ਸਬ-ਡਵੀਜ਼ਨ ’ਚ ਲਿਜਾ ਸਕਦੇ ਹਨ, ਜਿਥੇ ਉਨ੍ਹਾਂ ਨੂੰ ਮੌਕੇ ’ਤੇ ਹੀ ਠੀਕ ਬਿੱਲ ਮਿਲ ਜਾਵੇਗਾ। ਇਸ ਦੇ ਲਈ ਸਬੰਧਤ ਰੈਵੇਨਿਊ ਅਕਾਊਂਟੈਂਟ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਖਪਤਕਾਰ ਦਾ ਗਲਤ ਬਿੱਲ ਆਉਣ ’ਤੇ ਵੀ ਉਸ ਨੇ ਭੁਗਤਾਨ ਕਰ ਦਿੱਤਾ ਹੈ ਤਾਂ ਉਸ ਦੀ ਬਾਕੀ ਰਕਮ ਅਗਲੇ ਬਿੱਲ ਵਿਚ ਐਡਜਸਟ ਕਰ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕਰਫਿਊ ਕਾਰਨ ਨਵੇਂ ਕੁਨੈਕਸ਼ਨ ਅਪਲਾਈ ਕਰਨ ’ਤੇ ਲਗਾਈ ਗਈ ਰੋਕ ਹੁਣ ਹਟਾ ਦਿੱਤੀ ਗਈ ਹੈ, ਜਿਸ ’ਤੇ ਹੁਣ ਨਵੇਂ ਕੁਨੈਕਸ਼ਨ ਅਪਲਾਈ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਬਿਜਲੀ ਦਾ ਲੋਡ ਵੀ ਹੁਣ ਵਧਾਇਆ ਜਾ ਸਕਦਾ ਹੈ।