List of Educational Competitions Dedicated : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 6 ਜੁਲਾਈ 2020 ਤੋਂ 21 ਦਸੰਬਰ 2020 ਤੱਕ (ਸਾਢੇ ਪੰਜ ਮਹੀਨੇ ਚੱਲਣ ਵਾਲੇ) ਵਿੱਦਿਅਕ ਮੁਕਾਬਲਿਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਸਿਰਫ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੀ ਹਿੱਸਾ ਲੈ ਸਕਣਗੇ। ਜ਼ਿਕਰਯੋਗ ਹੈ ਕਿ ਇਹ ਮੁਕਾਬਲੇ ਸਿਰਫ਼ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫ਼ਲਸਫ਼ੇ, ਸਿੱਖਿਆਵਾਂ, ਬਾਣੀ ਅਤੇ ਕੁਰਬਾਨੀ ਨਾਲ ਸਬੰਧਿਤ ਹੋਣਗੇ। ਮੌਜੂਦਾ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮੁਕਾਬਲੇ ਆਨਲਾਈਨਜ਼ ਤੇ ਸੋਲੋ ਆਈਟਮਜ਼ ਦੇ ਰੂਪ ਵਿੱਚ ਕਰਵਾਏ ਜਾਣਗੇ।
ਇਸ ਸਬੰਧੀ ਕੈਲੰਡਰ ਜਾਰੀ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਵਿੱਚ ਸ਼ਬਦ ਗਾਇਨ, ਗੀਤ, ਕਾਵਿ ਉਚਾਰਣ, ਭਾਸ਼ਣ, ਸੰਗੀਤ ਸਾਜੋ-ਸਾਜੋ ਸਮਾਨ ਵਜਾਉਣ (ਹਰਮੋਨੀਅਮ, ਤਬਲਾ, ਢੋਲਕ, ਤੂੰਬੀ, ਬੰਸਰੀ, ਸਾਰੰਗੀ, ਢੱਡ) ਪੋਸਟਰ ਬਨਾਉਣ, ਪੇਂਟਿੰਗ ਬਨਾਉਣ, ਸਲੋਗਨ ਲੇਖਣ, ਸੁੰਦਰ ਲਿਖਾਈ ਲਿਖਣ, ਪੀ.ਪੀ.ਟੀ. ਮੇਕਿੰਗ ਅਤੇ ਦਸਤਾਰਬੰਦੀ ਦੇ ਮੁਕਾਬਲੇ ਸ਼ਾਮਲ ਹਨ।
ਸਾਰੇ ਮੁਕਾਬਲੇ ਪ੍ਰਾਇਮਰੀ, ਮਿਡਲ, ਸੈਕੰਡਰੀ ਤਿੰਨ ਪੱਧਰਾਂ ’ਤੇ ਕਰਵਾਏ ਜਾਣਗੇ। ਇਸੇ ਤਰ੍ਹਾਂ ਹੀ ਸਪੈਸ਼ਲ ਨੀਡ (ਸੀ.ਡਬਲਯੂ.ਐਸ.ਐਨ) ਵਾਲੇ ਬੱਚਿਆਂ ਦੇ ਮੁਕਾਬਲੇ ਵੀ ਤਿੰਨ ਪੱਧਰਾਂ ’ਤੇ ਹੀ ਹੋਣਗੇ। ਇੱਕ ਵਿਦਿਆਰਥੀ ਵੱਧ ਤੋਂ ਵੱਧ ਦੋ ਆਈਟਮਾਂ ਵਿੱਚ ਹਿੱਸਾ ਲੈ ਸਕਦਾ ਹੈ। ਇਨ੍ਹਾਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਦੇਖ ਰੇਖ ਹੇਠ ਇੱਕ ਕਮੇਟੀ (ਪ੍ਰਾਇਮਰੀ ਤੇ ਸੈਕੰਡਰੀ ਪੱਧਰ ’ਤੇ ਵੱਖ ਵੱਖ) ਦਾ ਗਠਨ ਕੀਤਾ ਜਾਵੇਗਾ।