Man arrested in fraud : ਕੋਰੋਨਾ ਵਾਇਰਸ ਕਾਰਨ 28 ਸਾਲਾਂ ਬਾਅਦ ਪਟਿਆਲਾ ਦਾ ਇਕ ਸ਼ਖਸ ਗ੍ਰਿਫਤਾਰ ਹੋ ਗਿਆ, ਜੋਕਿ ਭਾਰਤ ਵਿਚ ਧੋਖਾਧੜੀ ਕਰਕੇ ਮੌਤ ਦਾ ਸਰਟੀਫਿਕੇਟ ਬਣਾ ਕੇ ਸੀਬੀਆਈ ਨੂੰ ਗੁੰਮਰਾਹ ਕਰਕੇ ਨਾਂ ਬਦਲ ਕੇ ਅਮਰੀਕਾ ਚਲਾ ਗਿਆ ਤੇ ਉਥੇ ਦੀ ਨਾਗਰਿਕਤਾ ਵੀ ਹਾਸਲ ਕਰ ਲਈ। ਹੁਣ 28 ਸਾਲਾਂ ਬਾਅਦ ਕੋਰੋਨਾ ਤੋਂ ਡਰਦਾ ਭਾਰਤ ਆਇਆ ਪਰ ਸੀਬੀਆਈ ਦੇ ਸ਼ਿਕੰਜੇ ਵਿਚ ਫਸ ਗਿਆ। ਜ਼ਿਕਰਯੋਗ ਹੈ ਕਿ ਪਟਿਆਲਾ ਦੇ ਪੰਜਾਬੀ ਬਾਗ ‘ਚ ਸਥਿਤ ਕੋਠੀ ‘ਚ ਰਹਿ ਰਹੇ ਇਸ 65 ਸਾਲਾ ਸ਼ਖਸ ਨਿਰਮਲ ਸਿੰਘ ਨੂੰ ਸੀਬੀਆਈ ਟੀਮ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਨਿਰਮਲ ਸਿੰਘ ਐਨਐਸ ਬਾਠ ਦੇ ਨਾਂ ‘ਤੇ ਰਹਿ ਰਿਹਾ ਸੀ। ਉਸ ਦੀ ਪਤਨੀ ਪੀਐਸ ਬਾਠ ‘ਤੇ ਵੀ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਉਸ ਨੇ ਨਿਰਮਲ ਸਿੰਘ ਦੇ ਲੁਕਣ ‘ਚ ਮਦਦ ਕੀਤੀ।
ਸੀਬੀਆਈ ਮੁਤਾਬਕ 1985 ‘ਚ ਨਿਰਮਲ ਸਿੰਘ ਨੇ ਢਾਈ ਲੱਖ ਦੀ ਠੱਗੀ ਮਾਰੀ ਸੀ। ਮਾਮਲਾ ਹਾਈਪ੍ਰੋਫਾਇਲ ਹੋਣ ਤੋਂ ਬਾਅਦ ਜਾਂਚ ਸੀਬੀਆਈ ਨੂੰ ਸੌਂਪੀ ਗਈ। 1990 ‘ਚ ਸੀਬੀਆਈ ਨੇ ਕੇਸ ਦਰਜ ਕੀਤਾ ਤਾਂ 1991 ‘ਚ ਉਸ ਦੇ ਪਰਿਵਾਰ ਨੇ ਨਿਰਮਲ ਸਿੰਘ ਨੂੰ ਮ੍ਰਿਤਕ ਲਿਖਵਾ ਦਿੱਤਾ। ਇੰਨਾ ਹੀ ਨਹੀਂ ਇੱਕ ਵਿਅਕਤੀ ਦੀ ਲਾਸ਼ ਨੂੰ ਨਿਰਮਲ ਸਿੰਘ ਦੀ ਦੱਸ ਕੇ ਸਸਕਾਰ ਵੀ ਕਰ ਦਿੱਤਾ ਗਿਆ ਤੇ ਮੌਤ ਦਾ ਸਰਟੀਫਿਕੇਟ ਬਣਵਾ ਲਿਆ ਗਿਆ। ਇਸ ਮਗਰੋਂ ਨਿਰਮਲ ਸਿੰਘ ਐਨਐਸ ਬਾਠ ਦੇ ਨਾਂਅ ‘ਤੇ ਫਰਜ਼ੀ ਪਾਸਪੋਰਟ ਬਣਵਾ ਕੇ ਅਮਰੀਕਾ ਚਲਾ ਗਿਆ ਤੇ ਉਥੇ ਦੀ ਸਿਟੀਜ਼ਨਸ਼ਿਪ ਵੀ ਲੈ ਲਈ। ਪਰ ਹੁਣ ਕੋਰੋਨਾ ਵਾਇਰਸ ਦੇ ਸਹਿਮ ਕਾਰਨ ਦੋ ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਪਰਤਿਆ ਸੀ।
ਸੀਬੀਆਈ ਪੂਰੀ ਜਾਣਕਾਰੀ ਤਹਿਤ ਉਸ ਨੂੰ ਫੜਨ ਉਸਦੇ ਘਰ ਪਹੁੰਚੀ ਤੇ ਉਨ੍ਹਾਂ ਨੇ ਨਿਰਮਲ ਸਿੰਘ ਤੇ ਉਸ ਦੀ ਪਤਨੀ ਨੂੰ ਹਿਰਾਸਤ ‘ਚ ਲੈ ਲਿਆ। ਹੁਣ ਦੋਵਾਂ ਦਾ ਮੈਡੀਕਲ ਕਰਵਾ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਦਰਅਸਲ ਨਿਰਮਲ ਸਿੰਘ ਦੀ ਪਤਨੀ ਨੇ ਇਕ ਯੂਟਿਊਬ ਚੈਨਲ ਖੋਲਿਆ ਹੋਇਆ ਸੀ। ਕੁਝ ਮਹੀਨੇ ਪਹਿਲਾਂ ਉਸ ਨੇ ਇਹ ਕਿਸੇ ਦੂਜੇ ਵਿਅਕਤੀ ਨੂੰ ਸੌਂਪ ਦਿੱਤਾ ਸੀ ਤੇ ਇਸ ਦੌਰਾਨ ਦੋਵਾਂ ‘ਚ ਵਿਵਾਦ ਹੋ ਗਿਆ। ਇਸ ਦੀ ਸ਼ਿਕਾਇਤ ਸਿਵਲ ਲਾਇਨ ਥਾਣੇ ‘ਚ ਕਰਵਾਈ ਗਈ ਸੀ। ਦੋਵਾਂ ‘ਚ ਝਗੜਾ ਏਨਾ ਵਧ ਗਿਆ ਕਿ ਨਿਰਮਲ ਸਿੰਘ ਦੀਆਂ ਚਲਾਕੀਆਂ ਦੀ ਸੂਚਨਾ ਸੀਬੀਆਈ ਤਕ ਵੀ ਪਹੁੰਚ ਗਈ। ਇਥੇ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਨਿਰਮਲ ਸਿੰਘ ਦੀ ਲਾਸ਼ ਕਹਿ ਕੇ ਦਿਖਾਏ ਜਾਣ ਵਾਲਾ ਵਿਅਕਤੀ ਕੌਣ ਸੀ। ਕਿਤੇ ਉਸ ਦੀ ਹੱਤਿਆ ਤਾਂ ਨਹੀਂ ਕੀਤੀ ਗਈ। ਹੁਣ ਸੀਬੀਆਈ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।