The illusion of the name brought : ਜਲੰਧਰ ਵਿਖੇ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਫਿਲੌਰ ਦੀ ਪਾਜ਼ੀਟਿਵ ਮਰੀਜ਼ ਦੀ ਥਾਂ ਗੋਲਡਨ ਐਵੇਨਿਊ ’ਚ ਕਿਸੇ ਹੋਰ ਔਰਤ ਨੂੰ ਸਿਹਤ ਵਿਭਾਗ ਦੀ ਟੀਮ ਐਂਬੂਲੈਂਸ ਵਿਚ ਬਿਠਾ ਕੇ ਲੈ ਜਾਂਦੀ ਹੈ ਅਤੇ ਫਿਰ ਆਪਣੀ ਗਲਤੀ ਪਤਾ ਲੱਗਣ ’ਤੇ ਉਸ ਦੇ ਘਰ ਛੱਡ ਜਾਂਦੀ ਹੈ। ਪਰ ਇਸ ਦੌਰਾਨ ਉਸ ਇਲਾਕੇ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿਉਂਕਿ ਪੁਲਿਸ ਵੱਲੋਂ ਵੀ ਉਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਤੇ ਲੋਕਾਂ ’ਚ ਦਹਿਸ਼ਤ ਫੈਲ ਗਈ ਕਿ ਉਨ੍ਹਾਂ ਦੇ ਇਲਾਕੇ ’ਚੋਂ ਇਕ ਪਾਜ਼ੀਟਿਵ ਮਰੀਜ਼ ਮਿਲਿਆ ਹੈ। ਇਸ ਪੂਰੀ ਘਟਨਾ ਦੌਰਾਨ ਔਰਤ ਨੂੰ ਐਂਬੂਲੈਂਸ ਵਿਚ ਤਿੰਨ ਪਾਜ਼ੀਟਿਵ ਮਰੀਜ਼ਾਂ ਨਾਲ ਵੀ ਬੈਠਣਾ ਪਿਆ।
ਜਾਣਕਾਰੀ ਮੁਤਾਬਕ ਬੀਤੀ ਸ਼ਾਮ ਸਿਹਤ ਵਿਭਾਗ ਦੀ ਟੀਮ ਸ਼ਹਿਰ ਦੇ ਗੋਲਡਨ ਐਵੇਨਿਊ ਵਿਚ ਰਹਿੰਦੀ ਨਿਗਮ ਦੀ ਸਫਾਈ ਸੇਵਿਕਾ ਰਣਜੀਤ ਕੌਰ ਨੂੰ ਕੋਰੋਨਾ ਪਾਜ਼ੀਟਿਵ ਦੱਸ ਕੇ ਐਂਬੂਲੈਂਸ ’ਚ ਬਿਠਾ ਕੇ ਸਿਵਲ ਹਸਪਤਾਲ ਲੈ ਗਈ ਪਰ 2 ਘੰਟਿਆਂ ਬਾਅਦ ਉਸ ਨੂੰ ਆਪਣੀ ਗਲਤੀ ਦਾ ਪਤਾ ਲੱਗਾ ਕਿ ਉਹ ਫਿਲੌਰ ਦੀ ਪਾਜ਼ੀਟਿਵ ਮਰੀਜ਼ ਰਣਜੀਤ ਕੌਰ ਦੀ ਥਾਂ ਗੋਲਡਨ ਐਵੇਨਿਊ ਦੀ ਰਣਜੀਤ ਕੌਰ ਨੂੰ ਹਸਪਤਾਲ ਲੈ ਆਏ ਹਨ, ਜਿਸ ਦੀ ਰਿਪੋਰਟ ਬੀਤੇ ਦਿਨੀਂ ਨੈਗੇਟਿਵ ਆਈ ਸੀ। ਇਸ ਤੋਂ ਬਾਅਦ ਉਹ ਕਾਹਲੀ ’ਚ ਉਕਤ ਔਰਤ ਨੂੰ ਦੁਬਾਰਾ ਐਂਬੂਲੈਂਸ ਵਿਚ ਦੇਰ ਸ਼ਾਮ ਘਰ ਛੱਡ ਕੇ ਗਏ।
ਇਸ ਬਾਰੇ ਰਣਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਉਸ ਨੂੰ ਦੱਸਿਆ ਕਿ ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਤੇ ਅਸੀਂ ਤੁਹਾਨੂੰ ਲੈਣ ਆ ਰਹੇ ਹਨ। ਉਸ ਨੇ ਕਿਹਾ ਕਿ ਫੋਨ ਸੁਣਦਿਆਂ ਹੀ ਉਸ ਦੇ ਪਤੀ ਨਿਰਮਲ ਸਿੰਘ ਅਤੇ ਧੀ ਦੇ ਹੱਥ-ਪੈਰ ਫੁੱਲ ਗਏ। ਉਹ ਬੁਰੀ ਤਰ੍ਹਾਂ ਡਰ ਗਏ। ਉਸ ਨੇ ਦੱਸਿਆ ਕਿ ਉਸ ਨੂੰ ਐਂਬੂਲੈਂਸ ਵਿਚ ਪਹਿਲਾਂ ਰਾਮਾਮੰਡੀ ਕੇਤਰ ਵਿਚ ਲਿਜਾਇਆ ਗਿਆ ਜਿਥੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਉਸ ਨਾਲ 3 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਬਿਠਾਇਆ। ਇਸ ਪੂਰੀ ਘਟਨਾ ਵਿਚ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਉਂਦੀ ਹੈ, ਜਿਥੇ ਉਸ ਸਿਹਤਮੰਦ ਔਰਤ ਨੂੰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨਾਲ ਇਕੋ ਐਂਬੂਲੈਂਸ ’ਚ ਬੈਠਣਾ ਪਿਆ, ਜਿਸ ਨਾਲ ਉਸ ਦੇ ਵੀ ਇਸ ਵਾਇਰਸ ਦੇ ਲਪੇਟ ’ਚ ਆਉਣ ਦੀ ਸੰਭਾਵਨਾ ਬਣ ਸਕਦੀ ਹੈ। ਦੂਜਾ ਸਿਹਤ ਵਿਭਾਗ ਦੀ ਟੀਮ ਦੀ ਇਹ ਕਿੰਨੀ ਵੱਡੀ ਅਣਗਹਿਲੀ ਹੈ ਕਿ ਫਿਲੌਰ ਤੇ ਜਲੰਧਰ ਦੇ ਮਰੀਜ਼ ਵਿਚ ਉਨ੍ਹਾਂ ਕੋਈ ਫਰਕ ਨਜ਼ਰ ਨਹੀਂ ਆਇਆ।