This disabled Raju helps people : ਪਠਾਨਕੋਟ ’ਚ ਰਾਜੂ ਨਾਂ ਦਾ ਇਕ ਅਪਾਹਜ ਭਿਖਾਰੀ ਇਸ ਔਖੀ ਘੜੀ ਵਿਚ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆਇਆ ਹੈ। ਦੱਸਣਯੋਗ ਹੈ ਕਿ ਆਪਣੇ ਭੀਖ ਨਾਲ ਇਕੱਠੇ ਕੀਤੇ ਗਏ ਪੈਸਿਆਂ ਨਾਲ ਰਾਜੂ ਲੋੜਵੰਦਾਂ ਨੂੰ ਰਾਸ਼ਨ ਵੰਡ ਰਿਹਾ ਹੈ। ਰਾਜੂ ਨੇ ਹੁਣ ਤੱਕ 100 ਤੋਂ ਵੱਧ ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਦਿੱਤਾ ਹੈ ਅਤੇ ਰਾਹਗੀਰਾਂ ਵਿਚ 2500 ਤੋਂ ਵਧ ਮਾਸਕ ਵੰਡੇ ਹਨ। ਇਸ ਵਿਚ ਰਾਜੂ ਨੇ 80 ਹਜ਼ਾਰ ਤੋਂ ਵੱਧ ਦਾ ਖਰਚਾ ਕੀਤਾ ਹੈ ਤੇ ਇਹ ਪੈਸੇ ਉਸ ਨੇ ਭੀਖ ਮੰਗ ਕੇ ਇਕੱਠੇ ਕੀਤੇ ਸਨ। ਰਾਜੂ ਬਚਪਨ ਤੋਂ ਹੀ ਤੁਰਨ-ਫਿਰਨ ’ਚ ਅਸਮਰੱਥ ਹੈ, ਜਿਸ ਕਾਰਨ ਕਦੇ ਰੀਂਗਦੇ ਹੋਏ ਤਾਂ ਕਦੇ ਵ੍ਹੀਲਚੇਅਰ ’ਤੇ ਉਹ ਭੀਖ ਮੰਗਦਾ ਹੈ ਪਰ ਫਿਰ ਵੀ ਉਸ ਦੇ ਦਿਲ ਵਿਚ ਸਮਾਜ ਸੇਵਾ ਕਰਨ ਜਾ ਜਜ਼ਬਾ ਹੈ।
ਉਹ ਰੋਜ਼ਾਨਾ ਆਪਣੇ ਇਕੱਠੇ ਕੀਤੇ ਹੋਏ ਪੈਸਿਆਂ ਵਿਚੋਂ ਲੋੜ ਮੁਤਾਬਕ ਖਰਚ ਕਰਕੇ ਉਸ ’ਚੋਂ ਕੁਝ ਪੈਸੇ ਬਚਾਉਂਦਾ ਹੈ ਅਤੇ ਫਿਰ ਲੋੜਵੰਦਾਂ ਦੀ ਸੇਵਾ ਲਈ ਉਨ੍ਹਾਂ ਨੂੰ ਖਰਚ ਕਰਦਾ ਹੈ। ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਵਾਲਾ ਰਾਜੂ ਦਿਵਿਆਂਗ ਹੀ ਨਹੀਂ ਸਿਹਤਮੰਦ ਵਿਅਕਤੀਆਂ ਲਈ ਵੀ ਪ੍ਰੇਰਣਾਸਰੋਤ ਹੈ। ਲੋਕ ਭਲਾਈ ਵਿਚ ਪੈਸਾ ਲਗਾਉਣ ਵਾਲੇ ਰਾਜੂ ਨੂੰ ਇਸੇ ਲਈ ਲੋਕੀਂ ਖੁੱਲ੍ਹੇ ਦਿਲ ਨਾਲ ਦਾਨ ਦਿੰਦੇ ਹਨ।
ਦੱਸਣਯੋਗ ਹੈ ਕਿ ਰਾਜੂ ਨੇ ਇਸ ਮਹਾਮਾਰੀ ਦੌਰਾਨ 2500 ਮਾਸਕ ਖਰੀਦੇ ਅਤੇ ਆਪਣੀ ਵ੍ਹੀਲ ਚੇਅਰ ’ਤੇ ਬੈਠ ਕੇ ਰੋਜ਼ਾਨਾ ਸੜਕਾਂ ’ਤੇ ਨਿਕਲਦਾ ਹੈ ਅਤੇ ਲੋਕਾਂ ਨੂੰ ਮਾਸਕ ਦੇ ਕੇ ਨਾਲ ਹੀ ਘਰ ’ਚ ਰਹਿਣ ਅਤੇ ਸਰੀਰਕ ਦੂਰੀ ਲਈ ਪ੍ਰੇਰਿਤ ਕਰਦਾ ਹੈ। ਜ਼ਿਕਰਯੋਗ ਹੈ ਕਿ ਰਾਜੂ ਪਿਛਲੇ 20 ਸਾਲਾਂ ਵਿਚ 22 ਗਰੀਬ ਕੁੜੀਆਂ ਦਾ ਵਿਆਹ ਕਰਵਾ ਚੁੱਕਾ ਹੈ। ਗਰਮੀਆਂ ਵਿਚ ਛਬੀਲ, ਭੰਡਾਰ ਵੀ ਕਰਵਾਉਂਦਾ ਹੈ। ਢਾਂਗੂ ਰੋਡ ’ਤੇ ਇਕ ਗਲੀ ਦੀ ਪੁਲੀ ’ਤੇ ਰੋਜ਼ਾਨਾ ਹੋ ਰਹੇ ਹਾਦਸਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਉਸ ਨੇ ਪੁਲੀ ਦਾ ਨਿਰਮਾਣ ਵੀ ਕਰਵਾਇਆ। ਹਰ ਸਾਲ 15 ਅਗਸਤ ਨੂੰ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਉਹ ਔਰਤਾਂ ਨੂੰ ਸਿਲਾਈ ਮਸ਼ੀਨਾ ਮੁਹੱਈਆ ਕਰਵਾਉਂਦਾ ਹੈ। ਇਸ ਤੋਂ ਇਲਾਵਾ ਉਹ ਕੁਝ ਬੱਚਿਆਂ ਦੀ ਫੀਸ ਦਾ ਖਰਚਾ ਵੀ ਉਠਾਉਂਦਾ ਹੈ।