ਲੁਧਿਆਣਾ: ਪੁਲਿਸ ਵੱਲੋਂ ਕੀਤੀ ਗਈ ਸਖਤੀ ਤੋਂ ਬਾਅਦ ਮਿਊਜ਼ਿਕ ਕੰਪਨੀ ਅਤੇ ਗਾਇਕ ਨੇ ਮੁਆਫੀ ਮੰਗ ਲਈ ਹੈ। ਹਾਲ ਹੀ ‘ਚ ਇੰਟਰਨੈੱਟ ਮੀਡੀਆ ‘ਤੇ ਇੱਕ ਗੀਤ ’32 ਬੋਰ’ ਰਿਲੀਜ਼ ਹੋਇਆ ਸੀ। SSP ਹਰਜੀਤ ਸਿੰਘ ਨੇ ਸਖ਼ਤ ਕਾਰਵਾਈ ਕਰਦਿਆਂ ਸਰਕਾਰ ਵੱਲੋਂ ਜਾਰੀ ਸਖ਼ਤ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਯੂ-ਟਿਊਬ ਚੈਨਲ ‘ਤੇ ਰਿਲੀਜ਼ ਹੋਏ ਗੀਤ ’32 ਬੋਰ’ ਲਈ ਸੱਤਾ ਡੀਕੇ, ਗਾਇਕ ਤਾਰੀ ਕਾਸਾਪੁਰੀਆ ਅਤੇ ਲਵ ਮਿਊਜ਼ਿਕ ਕੰਪਨੀ ਦੇ ਨਿਰਮਾਤਾਵਾਂ ਖਿਲਾਫ ਥਾਣਾ ਸਦਰ ਰਾਏਕੋਟ ‘ਚ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਵੱਲੋਂ ਕਥਿਤ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰਨ ਦੀ ਗੱਲ ਵੀ ਕਹੀ ਗਈ ਸੀ ਪਰ ਹੁਣ ਆਪਣੀ ਗ੍ਰਿਫਤਾਰੀ ਤੋਂ ਡਰਦਿਆਂ ਨਿਰਮਾਤਾ ਸੱਤਾ ਡੀਕੇ ਨੇ ਇੰਟਰਨੈੱਟ ਮੀਡੀਆ ‘ਤੇ ਪੋਸਟ ਪਾ ਕੇ ਇਸ ਗੀਤ ਨੂੰ ਸਾਰੀਆਂ ਇੰਟਰਨੈੱਟ ਸਾਈਟਾਂ ਤੋਂ ਹਟਾਉਣ ਲਈ ਕਿਹਾ ਹੈ। ਸੱਤਾ ਡੀਕੇ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਜਾਣਕਾਰੀ ਨਹੀਂ ਸੀ, ਜਿਸ ਕਰਕੇ ਉਨ੍ਹਾਂ ਵੱਲੋਂ ਇਹ ਗੀਤ ਰਿਲੀਜ਼ ਕੀਤਾ ਗਿਆ ਹੈ। ਗਾਇਕ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਅਸੀਂ ਗੀਤ ਨੂੰ ਹਟਾ ਦਿੱਤਾ ਹੈ ਅਤੇ ਲੋਕਾਂ ਨੂੰ ਗੀਤ ਦਾ ਪ੍ਰਚਾਰ ਨਾ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਕੋਲੰਬੀਆ ‘ਚ ਵੱਡਾ ਹਾਦਸਾ, ਕ੍ਰੈਸ਼ ਹੋ ਕੇ ਘਰ ਦੀ ਛੱਤ ‘ਤੇ ਡਿੱਗਿਆ ਜਹਾਜ਼, 8 ਮੌਤਾਂ
ਇਸ ਸਬੰਧੀ ਲੁਧਿਆਣਾ ਦੇ SSP ਹਰਜੀਤ ਸਿੰਘ ਨੇ ਕਿਹਾ ਕਿ ਮੁਆਫ਼ੀ ਮੰਗਣ ਨਾਲ ਅਪਰਾਧ ਘੱਟ ਨਹੀਂ ਹੁੰਦਾ। ਇਸ ਲਈ ਪੁਲਿਸ ਵੱਲੋਂ ਬਣਦੀ ਕਾਨੂੰਨ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਧਿਆਨ ਦੇਣ ਯੋਗ ਗੱਲ ਹੈ ਕਿ ਗੈਂਗ ਵਾਰ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ‘ਤੇ ਸਖ਼ਤੀ ਨੂੰ ਲੈ ਕੇ ਨਵਾਂ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਅਜਿਹੇ ਗੀਤ ਗਾਉਣ ਵਾਲੇ ਗਾਇਕਾਂ ਖਿਲਾਫ ਸ਼ਿਕੰਜਾ ਕੱਸ ਰਹੀ ਹੈ ।
ਵੀਡੀਓ ਲਈ ਕਲਿੱਕ ਕਰੋ -: