ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮੰਗਲਵਾਰ ਨੂੰ ਮਹਾਕਾਲ ਨਗਰੀ ਉਜੈੱਨ ਪਹੁੰਚੀ। ਬਾਬਾ ਮਹਾਕਾਲ ਦੇ ਦਰਸ਼ਨ ਕਰਨ ਦੇ ਨਾਲ ਹੀ ਰਾਹੁਲ ਨੇ ਉੱਜੈਨ ‘ਚ ਇਕ ਜਨ ਸਭਾ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਇਕੱਠ ‘ਚ ‘ਜੈ ਮਹਾਕਾਲ’ ਦਾ ਜੈਕਾਰਾ ਲਾਉਂਦੇ ਹੋਏ ਕਿਹਾ ਕਿ ਅੱਜ ਤਕਰੀਬਨ 80 ਦਿਨ ਹੋ ਗਏ ਹਨ ਕਿ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ ਹੈ ਅਤੇ ਅੱਜ ਅਸੀਂ ਤੁਹਾਡੀ ਇਸ ਪਵਿੱਤਰ ਨਗਰੀ ‘ਚ ਆ ਕੇ ਦਰਸ਼ਨ ਕੀਤੇ ਅਤੇ ਬਹੁਤ ਚੰਗਾ ਲੱਗਾ। ਇਸ ਸ਼ਹਿਰ ਵਿੱਚ ਮਹਾਕਾਲ ਮੰਦਿਰ ਹੈ, ਸ਼ਿਵਜੀ ਦਾ ਮੰਦਿਰ ਹੈ। ਅੱਜ ਅਸੀਂ ਸ਼ਿਵਜੀ ਦਾ ਨਾਮ ਲੈਂਦੇ ਹਾਂ ਤਾਂ ਕਿਉਂ ਲੈਂਦੇ ਹਾਂ?ਜੇ ਭਾਰਤ ਭਗਵਾਨ ਸ਼ਿਵ ਨੂੰ ਮੰਨਦਾ ਹੈ ਤਾਂ ਕਿਉਂ? ਇਹ ਦੁਨੀਆ ਦੇ ਸਭ ਤੋਂ ਵੱਡੇ ਤਪੱਸਵੀਆਂ ਨੂੰ ਹਿੰਦੁਸਤਾਨ ਮਨਦਾ ਹੈ। ਹਿੰਦੂ ਧਰਮ ਵਿੱਚ ਸੰਨਿਆਸੀਆਂ ਦੀ ਪੂਜਾ ਹੁੰਦੀ ਹੈ, ਅਸੀਂ ਸੰਨਿਆਸੀਆਂ ਦਾ ਆਦਰ ਕਰਦੇ ਹਾਂ, ਉਨ੍ਹਾਂ ਅੱਗੇ ਹੱਥ ਜੋੜਦੇ ਹਾਂ। ਤਾਂ ਇਸ ਦੇਸ਼ ਵਿੱਚ ਇਹ ਸੰਨਿਆਸੀ ਕੌਣ ਹਨ?
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, “ਅਸੀਂ ਕੰਨਿਆਕੁਮਾਰੀ ਤੋਂ ਯਾਤਰਾ ਕੀਤੀ, ਬਹੁਤ ਵੱਡੀ ਤਪੱਸਿਆ ਕੀਤੀ। ਇਹ ਕੋਈ ਵੱਡੀ ਤਪੱਸਿਆ ਨਹੀਂ ਹੈ, ਇਸ ਵਿੱਚ ਕੁਝ ਵੀ ਨਹੀਂ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਭਾਰਤ ਵਿੱਚ ਕੌਣ ਤਪੱਸਿਆ ਕਰਦਾ ਹੈ। ਸਭ ਤੋਂ ਪਹਿਲਾਂ ਕੋਵਿਡ ਦੇ ਸਮੇਂ ਵਿੱਚ ਜੋ ਮਜ਼ਦੂਰ ਬੇਂਗਲੁਰੂ ਤੋਂ ਮੁੰਬਈ ਤੋਂ, ਪੰਜਾਬ ਤੋਂ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਪੈਦਾਲ ਗਏ, ਉਹ ਤਪੱਸਿਆ ਕਰਦੇ ਹਨ। ਦੂਜੇ ਨੰਬਰ ‘ਤੇ, ਜੋ ਇਸ ਦੇਸ਼ ਦਾ ਢਿੱਡ ਭਰਨ ਵਾਲੇ ਕਰੋੜਾਂ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਹਰ ਰੋਜ਼ ਸਵੇਰੇ 4 ਵਜੇ ਉੱਠ ਕੇ ਤਪੱਸਿਆ ਕਰਦੇ ਹਨ। ਨਾਈ, ਮਾਲੀ, ਇਲੈਕਟ੍ਰੀਸ਼ੀਅਨ, ਛੋਟੇ ਦੁਕਾਨਦਾਰ, ਮਜ਼ਦੂਰ – ਇਹ ਸਾਰੇ ਤਪੱਸਿਆ ਕਰਦੇ ਹਨ, ਉਹ ਰੋਜ਼ਾਨਾ ਤਪੱਸਿਆ ਕਰਦੇ ਹਨ, ਉਹ ਸਾਰੀ ਉਮਰ ਇਹ ਕਰਦੇ ਹਨ ਅਤੇ ਤਪੱਸਿਆ ਕਰਦੇ-ਕਰਦੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਤਿੰਨ ਮਹੀਨਿਆਂਦੀ ਤਪੱਸਿਆ ਹੈ, 5-6 ਘੰਟੇ, 8 ਘੰਟੇ ਲਗਾ ਲਓ, ਥੋੜ੍ਹਾ ਜਿਹਾ ਗੋਡੇ ਵਿੱਚ ਦਰਦ ਹੁੰਦਾ ਹੈ, ਥੋੜ੍ਹੀ ਜਿਹੀ ਪਿਆਸ ਲੱਗਦੀ ਹੈ, ਤਪੱਸਿਆ ਕਿਸਾਨ ਕਰਦਾ ਹੈ, ਮਜ਼ਦੂਰ ਕਰਦਾ ਹੈ।
ਉਨ੍ਹਾਂ ਕਿਹਾ, “ਹੁਣ ਮੇਰਾ ਸਵਾਲ ਇਹ ਹੈ ਕਿ ਹਿੰਦੂ ਧਰਮ ਕਹਿੰਦਾ ਹੈ ਕਿ ਸੰਨਿਆਸੀਆਂ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ, ਤਾਂ ਇਸ ਦੇਸ਼ ਵਿਚ ਸੰਨਿਆਸੀਆਂ ਦੀ ਪੂਜਾ ਕਿਉਂ ਨਹੀਂ ਹੋ ਰਹੀ? ਜੋ ਤਪੱਸਿਆ ਕਰ ਰਿਹਾ ਹੈ, ਉਸ ਨੂੰ ਇਸ ਇਸ ਦੇਸ਼ ਦੀ ਸਰਕਾਰ ਕੁਝ ਨਹੀਂ ਦਿੰਦੀ ਅਤੇ ਜੋ ਨਰਿੰਦਰ ਮੋਦੀ ਜੀ ਦੀ ਪੂਜਾ ਕਰ ਰਿਹਾ ਹੈ, ਉਸ ਨੂੰ ਸਾਰਾ ਦਾ ਸਾਰਾ ਦੇ ਦਿੰਦੀ ਹੈ। ਦੋ ਲੋਕ ਨਰਿੰਦਰ ਮੋਦੀ ਜੀ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਨੂੰ ਜੋ ਵੀ ਚਾਹੀਦਾ ਹੈ, ਮਿਲ ਜਾਂਦਾ ਹੈ-ਰੇਲਵੇ, ਪੋਰਟ, ਏਅਰਪੋਰਟ। ਇਹ ਦੇਖੋ ਭਰਾਵੋ, ਡਰੋਨ ਉੱਡ ਰਿਹਾ ਹੈ, ਇਹ ਵੀ ਲੈ ਜਾਣਗੇ ਚੁੱਕ ਕੇ, ਸੜਕਾਂ, ਬਿਜਲੀ, ਪਾਣੀ ਸਭ ਕੁਝ, ਦੋ ਲੋਕ, ਪੰਜ ਲੋਕ ਪ੍ਰਧਾਨ ਮੰਤਰੀ ਦੀ ਪੂਜਾ ਕਰਦੇ ਹਨ ਅਤੇ ਹਿੰਦੁਸਤਾਨ ਦਾ ਸਾਰਾ ਧਨ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸੜਕਾਂ ‘ਤੇ ਹਜ਼ਾਰਾਂ ਕਿਸਾਨ ਮੈਥੋਂ ਪੁਛਦੇ ਰਹੇ ਕਿ ਰਾਹੁਲ ਜੀ, ਇਸ ਦੇਸ਼ ਵਿੱਚ ਅਸੀਂ ਤਪੱਸਿਆ ਕਰਦੇ ਹਾਂ, ਇਸ ਤਪੱਸਿਆ ਦਾ ਸਾਨੂੰ ਫਲ ਕਿਉਂ ਨਹੀਂ ਮਿਲਦਾ?
ਇਹ ਵੀ ਪੜ੍ਹੋ : ਟੋਇਟਾ ਬਿਜ਼ਨੈੱਸ ਨੂੰ ਭਾਰਤ ‘ਚ ਲਿਆਉਣ ਵਾਲੇ ਵਿਕਰਮ ਕਿਰਲੋਸਕਰ ਦਾ 64 ਸਾਲ ਦੀ ਉਮਰ ‘ਚ ਦਿਹਾਂਤ
ਰਾਹੁਲ ਨੇ ਅੱਗੇ ਕਿਹਾ ਕਿ ਛੋਟਾ ਦੁਕਾਨਦਾਰ ਸਵੇਰੇ ਉਠਦਾ ਹੈ, ਉਸ ਦੇ ਨਾਲ 2-3 ਲੋਕ ਕੰਮ ਕਰਦੇ ਹਨ। ਕਦੇ-ਕਦੇ ਕਿਸੇ ਨੂੰ ਪੈਸੇ ਦੀ ਲੋੜ ਹੁੰਦੀ ਹੈ, ਉਹ ਵੀ ਦੇ ਦਿੰਦਾ ਹੈ। ਉਸ ਦੇ ਕੋਲ ਇੰਨਾ ਪੈਸਾ ਨਹੀਂ ਹੁੰਦਾ ਜਿਵੇਂ ਕਿ ਵੱਡੇ ਬਿਜ਼ਨੈੱਸਮੈਨਾਂ ਕੋਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਦੁਕਾਨਦਾਰਾਂ ਦੀ, ਮਸਾਲ ਤੇ ਮੀਡੀਅਮ ਬਿਜ਼ਨੈੱਸ ਦੀ ਗੱਲ ਇਸ ਲਈ ਕਰਦਾ ਹਾਂ ਕਿਉਂਕਿ ਇਹੀ ਲੋਕ ਦੇਸ਼ ਨੂੰ ਰੋਜ਼ਗਾਰ ਦਿੰਦੇ ਹਨ। ਮਤਲਬ ਪੂਰਾ ਜੁੜਿਆ ਹੋਇਆ ਹੈ।
ਉਨ੍ਹਾਂ ਪੀ.ਐੱਮ. ਮੋਦੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਹੈ ਅਤੇ ਮਿਲ ਨਹੀਂ ਸਕਦਾ ਕਿਉਂਕਿ ਚੁਸੀਂ ਉਹ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ, ਨੋਟਬੰਦੀ ਕਰਕੇ ਅਤੇ ਜੀ.ਐੱਸ.ਟੀ. ਕਰਕੇ, ਕੋਵਿਡ ਵਿੱਚ ਜੋ ਤੁਸੀਂ ਕੀਤਾ, ਅਰਬਪਤੀਆਂ ਦਾ ਕਰਜ਼ਾ ਮਾਫ ਕਰ ਦਿੱਤਾ, ਇਨ੍ਹਾਂ ਨੂੰ ਛੱਡ ਦਿੱਤਾ, ਤਾਂ ਤੁਸੀਂ ਇਨ੍ਹਾਂ ਦੀ ਰੀੜ ਦੀ ਹੱਡੀ ਤੋੜ ਦਿੱਤੀ, ਇਸ ਨੂੰ ਹੁਣ ਮੁੜ ਬਣਾਉਣਾ ਪਏਗਾ, ਫਿਰ ਤੋਂ ਜੋੜਨਾ ਪਏਗਾ, ਫਿਰ ਜਾ ਕੇ ਹਿੰਦੁਸਤਾਨ ਨੂੰ ਰੋਜ਼ਗਾਰ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: