ਮੋਹਾਲੀ ਸੈਕਟਰ-70 ਸਥਿਤ ਹੋਮਲੈਂਡ ਸੁਸਾਇਟੀ ਵਿਚ ਨਵੇਂ ਸਾਲ ਨੂੰ ਲੈ ਕੇ ਆਯੋਜਿਤ ਕੀਤੀ ਗਈ ਪਾਰਟੀ ਵਿਚ ਮੂਸੇਵਾਲਾ ਦੇ ਗੀਤ ਚਲਵਾਉਣ ਨੂੰ ਲੈ ਕੇ ਹੰਗਾਮਾ ਹੋ ਗਿਆ। ਕੁਝ ਵਿਅਕਤੀਆਂ ਨੇ ਇਕ ਵਿਅਕਤੀ ‘ਤੇ ਹਮਲਾ ਬੋਲ ਦਿੱਤਾ। ਉਸ ਨੂੰ ਜ਼ਖਮੀ ਕਰਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮਟੌਰ ਪੁਲਿਸ ਨੇ ਸੁਸਾਇਟੀ ਵਿਚ ਰਹਿਣ ਵਾਲੇ ਗੌਰਵ ਭਾਰਤੀ ਸਣੇ 8 ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸਾਰੇ ਦੋਸ਼ੀ ਫਰਾਰ ਹਨ।
ਪੀੜਤ ਰਣਜੀਤ ਸਿੰਘ ਬਰਾੜ ਜੋ ਕਿ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ, ਨੇ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ ਹੋਮਲੈਂਡ ਸੁਸਾਇਟੀ ਵਿਚ ਰਹਿੰਦੇ ਆਪਣੇ ਦੋਸਤ ਰਾਜ ਜਗਪਾਲ ਦੇ ਘਰ ਗਏ ਸਨ। ਨਵੇਂ ਸਾਲ ਦਾ ਜਸ਼ਨ ਚੱਲ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਡੀ.ਜੇ. ਵਾਲੇ ਨੂੰ ਸਿੱਧੂ ਮੂਸੇਵਾਲਾ ਦਾ ਗੀਤ ਲਗਾਉਣ ਨੂੰ ਕਿਹਾ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਗੁਰਪ੍ਰੀਤ ਕੰਗ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਅਫਰੀਕਾ ਦੀ ਮਸ਼ਹੂਰ ਕੰਪਨੀ ਫਾਰਮਾਕਿਨਾ ਦੇ CEO ਨਿਯੁਕਤ
ਗੀਤ ਲਗਾਉਣ ਦੌਰਾਨ ਉਥੇ ਗੌਰਵ ਭਾਰਤੀ ਪਹੁੰਚ ਗਿਆ ਤੇ ਡੀਜੇ ਵਾਲੇ ਨੂੰ ਗੀਤ ਲਗਾਉਣ ਤੋਂ ਮਨ੍ਹਾ ਕਰਦੇ ਹੋਏ ਬਹਿਸ ਕਰਨ ਲੱਗੇ। ਇਸ ਦੇ ਬਾਅਦ ਬਰਾੜ ਵਾਪਸ ਆਪਣੇ ਦੋਸਤ ਕੋਲ ਆ ਗਏ। ਕੁਝ ਸਮੇਂ ਬਾਅਦ ਜਦੋਂ ਉਹ ਜਾਣ ਲੱਗੇ ਤਾਂ ਗੌਰਵ ਭਾਰਤੀ ਨੇ 7-8 ਲੋਕਾਂ ਸਣੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਦੇ ਬਾਅਦ ਦੋਸਤ ਨੇ ਜ਼ਖਮੀ ਹਾਲਤ ਵਿਚ ਫੇਜ਼-6 ਸਥਿਤ ਸਿਵਲ ਹਸਪਤਾਲ ਪਹੁੰਚਾਇਆ। ਉਥੇ ਦੋਸ਼ੀਆਂ ਖਿਲਾਫ ਸ਼ਿਕਾਇਤ ਦਿੱਤੀ। ਇਸ ਦੇ ਬਾਅਦ ਮਟੌਰ ਥਾਣਾ ਪੁਲਿਸ ਨੇ ਕੇਸ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: