ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਦੇ ਨਾਲ-ਨਾਲ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਹੈ। ਇੱਕ ਪਾਸੇ ਪੁਲਿਸ ਨੇ NDPS ਐਕਟ ਤਹਿਤ ਕੁੱਲ 194 FIR ਦਰਜ ਕਰਕੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ ਚਾਈਨਾ ਡੋਰ ਦੀ ਵਰਤੋਂ ਕਰਨ ਦੇ ਦੋਸ਼ ਹੇਠ ਕੁੱਲ 176 ਕੇਸ ਦਰਜ ਕਰਕੇ 188 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਲ ਹੀ ਚਾਈਨਾ ਡੋਰ ਦੀਆਂ ਕੁੱਲ 10,269 ਗੰਢਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਇਸ ਸਬੰਧੀ IGP ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।
IGP ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ NDPS ਐਕਟ ਤਹਿਤ ਦਰਜ 194 ਕੇਸਾਂ ਵਿੱਚੋਂ 31 ਕੇਸ ਵਪਾਰਕ ਮਾਤਰਾ ਦੇ ਹਨ। ਇਨ੍ਹਾਂ ਵਿੱਚੋਂ 40 ਵੱਡੇ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ 147 ਮਾਮਲੇ ਦਰਮਿਆਨੀ ਮਾਤਰਾ ਦੇ ਅਤੇ 16 ਘੱਟ ਮਾਤਰਾ ਦੇ ਹਨ। ਸਭ ਤੋਂ ਵੱਧ 23 ਮਾਮਲੇ ਪਟਿਆਲਾ ਵਿੱਚ, 17 ਫਿਰੋਜ਼ਪੁਰ ਅਤੇ 11 ਬਠਿੰਡਾ ਵਿੱਚ ਦਰਜ ਕੀਤੇ ਗਏ ਹਨ। ਵਪਾਰਕ ਮਾਤਰਾ ਦੇ ਸਭ ਤੋਂ ਵੱਧ 8 ਮਾਮਲੇ ਪਟਿਆਲਾ ਵਿੱਚ, 4 ਪਠਾਨਕੋਟ ਅਤੇ 4 ਤਰਨਤਾਰਨ ਵਿੱਚ ਦਰਜ ਕੀਤੇ ਗਏ ਹਨ।
ਇਸ ਦੇ ਨਾਲ ਹੀ ਫਾਜ਼ਿਲਕਾ ਤੋਂ ਹੈਰੋਇਨ ਦੀ ਵੱਡੀ ਬਰਾਮਦਗੀ ਤੋਂ ਬਾਅਦ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 41 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ 13 ਕਿਲੋ ਅਫੀਮ, 481 ਕਿਲੋ ਭੁੱਕੀ, 5 ਕਿਲੋ ਚਰਸ ਅਤੇ 53 ਕਿਲੋ ਗਾਂਜਾ ਬਰਾਮਦ ਕੀਤਾ ਗਿਆ। 5 ਲੱਖ 28 ਹਜ਼ਾਰ 594 ਯੂਨਿਟ ਮੈਡੀਕਲ ਨਸ਼ੇ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ 20 ਲੱਖ 47 ਹਜ਼ਾਰ 940 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਐਕਟਿਵਾ ਸਵਾਰਾਂ ਨੇ ਟ੍ਰੈਫਿਕ ਪੁਲਿਸ ਦੀ ਕੀਤੀ ਕੁੱਟਮਾਰ, ਦੋਵੇਂ ਮੁਲਜ਼ਮ ਗ੍ਰਿਫਤਾਰ
ਪਿਛਲੇ ਹਫ਼ਤੇ NDPS ਕੇਸਾਂ ਵਿੱਚ ਕੁੱਲ 15 ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 623 ਭਗੌੜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪਿਛਲੇ ਹਫ਼ਤੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਮੁਲਜ਼ਮ ਯੁਵਰਾਜ ਸਿੰਘ ਉਰਫ਼ ਜੌੜਾ ਨੂੰ ਕਾਬੂ ਕੀਤਾ ਸੀ। SSOC ਨੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫ਼ਿਰੋਜ਼ਪੁਰ ਪੁਲਿਸ ਨੇ ਗੁਰਪਿਆਰ ਸਿੰਘ ਉਰਫ਼ ਗੰਡਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਬਠਿੰਡਾ ‘ਚ ਡਾਕਟਰ ਦਿਨੇਸ਼ ਬਾਂਸਲ ਤੋਂ 3 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਨੇ ਕੁੱਲ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲੇ ਦੋ ਮੁਲਜ਼ਮਾਂ ਬੀਨੂੰ ਸਿੰਘ ਅਤੇ ਦਵਿੰਦਰ ਸਿੰਘ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ ਬਾਕੀ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਵਿੱਚ ਪ੍ਰਦੀਪ, ਛੀਨਾ, ਮੰਨਾ, ਪਰਮ ਅਤੇ ਬਲਵਿੰਦਰ ਸਿੰਘ ਉਰਫ਼ ਬੱਬੂ ਸ਼ਾਮਲ ਹਨ। ਮਾਮਲੇ ਵਿੱਚ 6 ਮੁਲਜ਼ਮ ਤਲਵੰਡੀ ਸਾਬੋ ਅਤੇ ਇੱਕ ਮੁਲਜ਼ਮ ਸਰਦੂਲਗੜ੍ਹ ਦਾ ਰਹਿਣ ਵਾਲਾ ਹੈ।