ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦੀ ਘਟਨਾ ਨਾਲ ਪੰਜਾਬ ਦੇ ਸਾਬਕਾ ਕਾਂਗਰਸ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਫੀ ਗੁੱਸੇ ਵਿਚ ਹਨ। ਉਨ੍ਹਾਂ ਨੇ ਇਸ ਮਾਮਲੇ ‘ਚ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਮਨਪ੍ਰੀਤ ਬਾਦਲ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ।
ਰੰਧਾਵਾ ਨੇ ਕੈਪਟਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਆਪਣੇ ਦਮ ‘ਤੇ ਪਟਿਆਲਾ ਲੋਕ ਸਭਾ ਸੀਟ ਜਿੱਤ ਕੇ ਦਿਖਾਉਣ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਨੂੰ ਕਾਂਗਰਸ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਰਾਹੁਲ ਗਾਂਧੀ ਦੀ ਯਾਤਰਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਵਿਚ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਕਿ ਕੈਪਟਨ ਨੂੰ ਹੁਣ ਤੱਕ ਜੋ ਵੀ ਮਿਲਿਆ ਹੈ, ਉਹ ਕਾਂਗਰਸ ਤੋਂ ਹੀ ਮਿਲਿਆ ਹੈ। ਉਹ ਆਪਣੇ ਦਮ ‘ਤੇ ਪਟਿਆਲਾ ‘ਚ ਹੀ ਚੋਣਾਂ ਲੜਨ ਤਾਂ ਜ਼ਮਾਨਤ ਨਹੀਂ ਬਚਾ ਸਕਣਗੇ।
ਕੈਪਟਨ ‘ਤੇ ਰੰਧਾਵਾ ਨੇ ਕਿਹਾ ਕਿ ਤੁਸੀਂ ਪਹਿਲਾਂ ਮੁਗਲਾਂ ਦੇ ਗੁਲਾਮ ਸੀ। ਤੁਹਾਡਾ ਪਰਿਵਾਰ ਉਨ੍ਹਾਂ ਦੀਆਂ ਝੋਲੀਆਂ ਚੁੱਕਦਾ ਰਿਹਾ। ਸਿਰਫ ਤੁਹਾਡੇ ਪਰਿਵਾਰ ਨੇ ਹੀ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਨਹੀਂ ਦਿੱਤਾ, ਨਹੀਂ ਤਾਂ ਅੱਜ ਪੰਜਾਬ ਦਾ ਇਤਿਹਾਸ ਕੁਝ ਹੋਰ ਹੁੰਦਾ। ਉੁਨ੍ਹਾਂ ਕਿਹਾ ਕਿ ਗੱਦਾਰੀ ਵਿਚ ਇਹ ਪਰਿਵਾਰ ਸਭ ਤੋਂ ਅੱਗੇ ਰਿਹਾ ਹੈ। ਇਹ ਪਰਿਵਾਰ ਅੰਗਰੇਜ਼ਾਂ ਦਾ ਵੀ ਪਿੱਠੂ ਰਿਹਾ। ਪਤਾ ਨਹੀਂ ਕਾਂਗਰਸ ਨੂੰ ਕੀ ਮਜਬੂਰੀ ਸੀ, ਜੋ ਇਸ ਪਰਿਵਾਰ ਨੂੰ ਅੱਗੇ ਲਿਆਏ। ਕੈਪਟਨ ਨੂੰ ਮੇਰੀ ਚੁਣੌਤੀ ਹੈ ਕਿ ਪਟਿਆਲਾ ਤੋਂ ਚੋਣਾਂ ਲੜ ਕੇ ਦਿਖਾਉਣ।
ਰੰਧਾਵਾ ਨੇ ਮਨਪ੍ਰੀਤ ਬਾਦਲ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ। ਪੰਜਾਬ ਦੇ ਲੋਕਾਂ ਨੂੰ ਧੋਖਾ ਦਿੰਦੇ ਰਹੇ ਤੇ ਖਜ਼ਾਨਾ ਖਾਲੀ ਹੋਣ ਦਾ ਢਿੰਡੋਰਾ ਪਿਟ ਕੇ ਕਾਂਗਰਸ ਦਾ ਅਕਸ ਖਰਾਬ ਕਰਦੇ ਰਹੇ। ਰੰਧਾਵਾ ਨੇ ਮਨਪ੍ਰੀਤ ਬਾਦਲ ਦੇ ਕਾਂਗਰਸ ਛੱਡਣ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਨ੍ਹਾਂ ਨੂੰ ਪਹਿਲਾਂ ਹੀ ਕਾਂਗਰਸ ਛੱਡ ਦੇਣੀ ਚਾਹੀਦੀ ਸੀ। ਰੰਧਾਵਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਸਣੇ ਕਾਂਗਰਸ ਨੂੰ ਛੱਡ ਕੇ ਜਾਣ ਵਾਲੇ ਸਾਰੇ ਨੇਤਾਵਾਂ ਨੂੰ ਭਾਜਪਾ ਨੂੰ ਟਿਕਟ ਦੇਣੀ ਚਾਹੀਦੀ ਹੈ ਤਾਂ ਕਿ ਜਨਤਾ ਵਿਚ ਇਨ੍ਹਾਂ ਨੂੰ ਆਪਣੀ ਹੈਸੀਅਤ ਦਾ ਪਤਾ ਲੱਗ ਸਕੇ।
ਵੀਡੀਓ ਲਈ ਕਲਿੱਕ ਕਰੋ -: