ਅਮਰੀਕਾ ਵਿੱਚ ਇੱਕ ਭਾਰਤੀ ਦਵਾਈ ਕੰਪਨੀ ‘ਤੇ ਇਲਜ਼ਾਮ ਲੱਗਾ ਹੈ ਕਿ ਉਸ ਦੀ ਆਈ ਡ੍ਰਾਪ ਇਸਤੇਮਾਲ ਕਰਨ ਨਾਲ ਅਮਰੀਕਾ ਵਿੱਚ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ, ਜਦਕਿ ਇੱਕ ਦੀ ਮੌਤ ਹੋ ਗਈ। ਇਸ ਮਗਰੋਂ ਚੇਨਈ ਸਥਿਤ ਕੰਪਨੀ ਨੇ ਦਵਾਈ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਹੈ। ਅਮਰੀਕਾ ਨੇ ਐਜ਼ਰੀਕੇਅਰ ਆਰਟੀਫਿਸ਼ੀਅਲ ਟੀਅਰਸ ਆਈ ਡ੍ਰਾਪ ਨੂੰ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਹੈ। ਯੂ.ਐੱਸ. ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਚੇਨਈ ਸਥਿਤ ਗਲੋਬਲ ਉਫਾਰਮਾ ਹੈਲਥਕੇਅਰ ਵੱਲੋਂ ਬਣਾਈ ਗਈ ਐਜ਼ਰੀਕੇਅਰ ਆਰਟੀਫਿਸ਼ੀਅਲ ਟੀਅਰਸ ਆਈ ਡ੍ਰਾਪਸ ਦੀਆਂ ਬੰਦ ਬੋਤਲਾਂ ਦੀ ਟੈਸਟਿੰਗ ਕਰ ਰਿਹਾ ਹੈ।
ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ. ਡੀ. ਏ.) ਦਾ ਕਹਿਣਾ ਹੈ ਕਿ ਉਹ ਇਨ੍ਹਾਂ ਆਈ ਡਰਾਪਾਂ ਦੇ ਦਰਾਮਦ ‘ਤੇ ਪਾਬੰਦੀ ਲਗਾਉਣ ਵੱਲ ਵਧ ਰਿਹਾ ਹੈ। ਏਜੰਸੀ ਨੇ ਕਿਹਾ, “ਐਫਡੀਏ ਜਨਤਾ ਅਤੇ ਡਾਕਟਰਾਂ ਨੂੰ ਸੰਭਾਵਿਤ ਬੈਕਟੀਰੀਅਲ ਇਨਫੈਕਸ਼ਨ ਕਰਕੇ ਅਜ਼ਰੀਕੇਅਰ ਆਰਟੀਫਿਸ਼ੀਅਲ ਟੀਅਰਜ਼ ਆਈ ਡਰਾਪਾਂ ਦੀ ਵਰਤੋਂ ਤੁਰੰਤ ਬੰਦ ਕਰਨ ਦੀ ਚਿਤਾਵਨੀ ਦੇ ਰਹੀ ਹੈ।” ਇਸ ਆਈ ਡ੍ਰਾਪ ਦੀ ਵਰਤੋਂ ਕਰਨ ਨਾਲ ਅੱਖਾਂ ਵਿੱਚ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਨਾਲ ਅੱਖਾਂ ਦੀ ਰੋਸ਼ਨੀ ਅਤੇ ਮੌਤ ਵੀ ਹੋ ਸਕਦੀ ਹੈ।
ਦੂਜੇ ਪਾਸੇ ਆਈ ਡ੍ਰਾਪਸ ਬਾਰੇ ਸੂਤਰਾਂ ਨੇ ਦੱਸਿਆ ਹੈ ਕਿ ਸੀਡੀਐਸਸੀਓ ਅਤੇ ਤਾਮਿਲਨਾਡੂ ਡਰੱਗ ਕੰਟਰੋਲਰ ਦੀਆਂ ਟੀਮਾਂ ਚੇਨਈ ਨੇੜੇ ਮੈਨਿਫੈਕਚਰਿੰਗ ਪਲਾਂਟ ‘ਤੇ ਜਾ ਰਹੀਆਂ ਹਨ। ਇਹ ਇਕ ਕੰਟਰੈਕਟ ਮੈਨੂਫੈਕਚਰਿੰਗ ਪਲਾਂਟ ਹੈ ਜੋ ਹੋਰਾਂ ਰਾਹੀਂ ਅਮਰੀਕੀ ਬਾਜ਼ਾਰ ਨੂੰ ਸਪਲਾਈ ਕਰਦਾ ਹੈ। ਇਹ ਦਵਾਈ ਭਾਰਤ ਵਿੱਚ ਨਹੀਂ ਵਿਕਦੀ ਹੈ।
ਇਹ ਵੀ ਪੜ੍ਹੋ : ਧਰਤੀ ਹੇਠਲੇ ਪਾਣੀ ਬਚਾਉਣ ‘ਤੇ ਮਿਲੇਗੀ 2.50 ਰੁ. ਦੀ ਛੋਟ, ਅਜਿਹਾ ਕਰਨ ਵਾਲਾ ਪਹਿਲਾ ਸੂਬਾ ਪੰਜਾਬ
ਰਿਪੋਰਟਾਂ ਮੁਤਾਬਕ ਗਲੋਬਲ ਫਾਰਮਾ ਹੈਲਥਕੇਅਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਕੰਪਨੀ ਸੰਭਾਵਿਤ ਬੈਕਟੀਰੀਅਲ ਇਨਫੈਕਸ਼ਨ ਕਰਕੇ Ezricare, LLC ਅਤੇ Delsum Pharma ਵੱਲੋਂ ਆਰਟੀਫਿਸ਼ੀਅਲ ਟੀਅਰਸ ਲੁਬਰੀਕੇਂਟ ਆਈ ਡ੍ਰਾਪਸ ਨੂੰ ਵਾਪਿਸ ਲੈ ਰਹੀ ਹੈ। ਰਿਪੋਰਟ ਮੁਾਤਬਕ ਦੇਸ਼ ਭਰ ਦੇ ਡਾਕਟਰਾਂ ਨੂੰ ਸੂਡੋਮੋਨਾਸ ਐਰੂਗਿਨੋਸਾ ਦੇ ਫੈਲਣ ਬਾਰੇ ਸੁਚੇਤ ਕੀਤਾ ਗਿਆ ਹੈ। ਇਸ ਕਾਰਨ ਇੱਕ ਦਰਜਨ ਰਾਜਾਂ ਵਿੱਚ ਘੱਟੋ-ਘੱਟ 55 ਲੋਕ ਪ੍ਰਭਾਵਿਤ ਹੋਏ ਹਨ ਅਤੇ ਇੱਕ ਦੀ ਜਾਨ ਜਾ ਚੁੱਕੀ ਹੈ।
ਹੁਣ ਤੱਕ 11 ਮਰੀਜ਼ਾਂ ਵਿੱਚੋਂ ਘੱਟੋ-ਘੱਟ ਪੰਜ ਜਿਨ੍ਹਾਂ ਦੀਆਂ ਅੱਖਾਂ ਵਿੱਚ ਸਿੱਧੀ ਇਨਫੈਕਸ਼ਨ ਹੋਈ ਹੈ, ਉਨ੍ਹਾਂ ਦੀ ਰੋਸ਼ਨੀ ਚਲੀ ਗਈ ਹੈ। ਇਨਸਾਈਡਰ ਡਾਟ ਕਾਮ ਨੇ ਦੱਸਿਆ ਕਿ ਸਿਊਡੋਮੋਨਾਸ ਏਰੁਗਿਨੋਸਾ ਖੂਨ, ਫੇਫੜਿਆਂ, ਜ਼ਖਮਾਂ ਵਿੱਚ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਗਾਂਬੀਆ ਅਤੇ ਇਜ਼ਬੇਕਿਸਤਾਨ ਵਿੱ ਭਾਰਤੀ ਕੰਪਨੀ ਦੀ ਖੰਘ ਦੀ ਦਵਾਈ ਪੀਣ ਨਾਲ ਦਰਜਨਾਂ ਬੱਚਿਆਂ ਦੀ ਮੌਤ ਦਾ ਦਾਅਵਾ ਕੀਤਾ ਗਿਆ ਸੀ, ਜਿਸ ਮਗਰੋਂ ਵਿਸ਼ਵ ਸਿਹਤ ਸੰਗਠਨ ਨੇ ਅਲਰਟ ਜਾਰੀ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: