ਮੋਗਾ ‘ਚ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਇੱਕ ਤੇਜ਼ ਰਫਤਾਰ ਪਿਕਅੱਪ ਦੀ ਟੱਕਰ ‘ਚ ਇਕ ਬਜ਼ੁਰਗ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ‘ਤੇ ਪਿਕਅੱਪ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਬਜ਼ੁਰਗ ਦੇ ਲੜਕੇ ਦੇ ਬਿਆਨਾਂ ’ਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਪਿਕਅੱਪ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਮੋਗਾ ਦੇ ਪਿੰਡ ਰਣਸਿੰਘ ਕਲਾਂ ਦੇ ਵਸਨੀਕ ਰਣਜੋਧ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਉਸ ਦਾ ਪਿਤਾ ਸੁਖਜੀਤ ਸਿੰਘ (65) ਵੀਰਵਾਰ ਸਵੇਰੇ ਰੋਜ਼ਾਨਾ ਵਾਂਗ ਮੋਟਰਸਾਈਕਲ-ਰੇਹੜੇ ’ਤੇ ਮੋਗਾ ਸਬਜ਼ੀ ਮੰਡੀ ’ਚ ਸਬਜ਼ੀ ਖਰੀਦਣ ਗਿਆ ਸੀ। ਸਵੇਰੇ 9 ਵਜੇ ਜਦੋਂ ਸੁਖਜੀਤ ਸਿੰਘ ਰੇਹੜੇ ’ਤੇ ਸਬਜ਼ੀਆਂ ਲੱਦ ਕੇ ਵਾਪਸ ਪਿੰਡ ਆ ਰਿਹਾ ਸੀ ਤਾਂ ਮੋਗਾ-ਕੋਟਕਪੂਰਾ ਮੁੱਖ ਮਾਰਗ ’ਤੇ ਇੱਕ ਤੇਜ਼ ਰਫ਼ਤਾਰ ਪਿਕਅੱਪ (ਪੀ.ਬੀ.04ਵੀ 2066) ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਪਿੰਡ ਸੰਧੂਆਂ ਵਾਲਾ ਦੇ ਮੋੜ ‘ਤੇ ਵਾਪਰਿਆ।
ਰਣਜੋਧ ਸਿੰਘ ਮੁਤਾਬਕ ਤੇਜ਼ ਰਫ਼ਤਾਰ ਪਿਕਅੱਪ ਦੀ ਟੱਕਰ ਕਾਰਨ ਉਸ ਦੇ ਪਿਤਾ ਸੁਖਜੀਤ ਸਿੰਘ ਦਾ ਮੋਟਰਸਾਈਕਲ-ਕਾਰ ਅੱਗੇ ਜਾ ਰਹੀ ਇੱਕ ਹੋਰ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਉਸ ਦੇ ਪਿਤਾ ਸੁਖਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੂਜੀ ਗੱਡੀ ’ਤੇ ਬੈਠਾ ਜਗਸੀਰ ਸਿੰਘ ਜ਼ਖ਼ਮੀ ਹੋ ਗਿਆ। ਜਗਸੀਰ ਸਿੰਘ ਮੋਗਾ ਦੇ ਪਿੰਡ ਤਾਰੇਵਾਲਾ ਦਾ ਰਹਿਣ ਵਾਲਾ ਹੈ। ਦੂਜੇ ਪਾਸੇ ਹਾਦਸੇ ਤੋਂ ਬਾਅਦ ਚਾਲਕ ਮੌਕੇ ‘ਤੇ ਪਿਕਅੱਪ ਛੱਡ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ‘PM ਮੋਦੀ ਦੀ ਕਿਤਾਬ ‘Exam Warriors’ ਨੂੰ ਲਾਇਬ੍ਰੇਰੀ ‘ਚ ਰੱਖੋ’, ਸਿੱਖਿਆ ਮੰਤਰਾਲਾ ਦਾ ਸਾਰੇ ਰਾਜਾਂ ਨੂੰ ਫ਼ਰਮਾਨ
ਮੋਗਾ ਸਿਟੀ ਸਾਊਥ ਥਾਣੇ ਦੇ ਏ.ਐਸ.ਆਈ ਬੂਟਾ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਿਕਅੱਪ ਅਤੇ ਮੋਟਰਸਾਈਕਲ ਰੇਹੜੇ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਮ੍ਰਿਤਕ ਦੇ ਪੁੱਤਰ ਸੁਖਜੀਤ ਸਿੰਘ ਦੇ ਬਿਆਨਾਂ ’ਤੇ ਪਿਕਅੱਪ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਸੁਖਜੀਤ ਸਿੰਘ ਦੀ ਲਾਸ਼ ਮੋਗਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ। ਪੁਲਿਸ ਪਿਕਅਪ ਦੇ ਮਾਲਕ ਨੂੰ ਉਸਦੇ ਰਜਿਸਟ੍ਰੇਸ਼ਨ ਨੰਬਰ ਤੋਂ ਟਰੇਸ ਕਰ ਰਹੀ ਹੈ ਤਾਂ ਜੋ ਫਰਾਰ ਡਰਾਈਵਰ ਦਾ ਪਤਾ ਲਗਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: