ਗੁਰਾਇਆ ਦੇ ਪਿੰਡ ਧੂਲੇਟਾ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਗੈਸ ਸਿਲੰਡਰ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਸੂਚਨਾ ਅਨੁਸਾਰ ਗੈਸ ਸਿਲੰਡਰ ਫਟਣ ਕਾਰਨ ਘਰ ਦੀ ਛੱਤ ਉੱਡ ਗਈ ਅਤੇ ਘਰ ਵਿੱਚ ਪਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਹਾਦਸੇ ਦੌਰਾਨ ਘਰ ‘ਚ ਪਿਓ-ਧੀ ਮੌਜੂਦ ਸਨ। ਗ਼ਨੀਮਤ ਰਹੀ ਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਜਸਵੀਰ ਜੱਸਾ ਨੇ ਦੱਸਿਆ ਕਿ ਉਹ ਅਤੇ ਉਸ ਦੀ ਲੜਕੀ ਘਰ ‘ਚ ਸਨ। ਉਸ ਦੀ ਲੜਕੀ ਦੀ ਤਬੀਅਤ ਠੀਕ ਨਹੀਂ ਸੀ। ਇਸ ਦੌਰਾਨ ਜਦੋਂ ਜਸਵੀਰ ਚਾਹ ਬਣਾਉਣ ਲਈ ਰਸੋਈ ਵਿਚ ਗਿਆ ਅਤੇ ਜਿਵੇਂ ਹੀ ਉਸ ਨੇ ਗੈਸ ਚਾਲੂ ਕੀਤੀ ਤਾਂ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਕੁਝ ਦੇਰ ‘ਚ ਵੱਧ ਗਈ।
ਘਰ ‘ਚ ਮੌਜੂਦ ਪਿਓ-ਧੀ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਇਸ ਹਾਦਸੇ ਕਾਰਨ ਘਰ ਦੀਆਂ ਛੱਤ ਵੀ ਡਿੱਗ ਗਈ ਅਤੇ ਨਾਲ ਹੀ ਰਸੋਈ ਵਿੱਚ ਰੱਖਿਆ ਫਰਿੱਜ, ਸਿਲੰਡਰ, ਗੈਸ ਚੁੱਲ੍ਹਾ, ਰਾਸ਼ਨ ਅਤੇ ਨਾਲ ਦੇ ਕਮਰੇ ਵਿੱਚ ਪਿਆ ਬੈੱਡ, ਕੱਪੜੇ, ਗੱਦੇ, ਮੋਬਾਈਲ ਫੋਨ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ : ਆਮ ਆਦਮੀ ਕਲੀਨਿਕ ‘ਚ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਵਿਅਕਤੀ ਗ੍ਰਿਫਤਾਰ
ਜਸਵੀਰ ਜੱਸਾ ਨੇ ਦੱਸਿਆ ਕਿ ਘਰ ਦੇ ਨਾਲ ਹੀ ਪੁਲਿਸ ਥਾਣਾ ਹੈ, ਜਿੱਥੇ ਉਨ੍ਹਾਂ ਨੇ ਸੂਚਨਾ ਦਿੱਤੀ ਅਤੇ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਫ਼ੋਨ ਕਰਨ ਲਈ ਕਿਹਾ, ਪਰ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਉਨ੍ਹਾਂ ਕੋਲ ਨੰਬਰ ਨਹੀਂ ਹੈ, ਜਿਸ ਤੋਂ ਬਾਅਦ ਜਸਵੀਰ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ। ਇਸ ਹਾਦਸੇ ‘ਚ ਹੋਕੇ ਕਾਫੀ ਨੁਕਸਾਨ ‘ਤੋਂ ਬਾਅਦ ਪੀੜਤ ਪਰਿਵਾਰ ਨੇ ਮਦਦ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: