ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਆਪਣੇ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ। ਇਸ ਤੋਂ ਬਾਅਦ ਉਹ ਸਿੱਧਾ ਹਰਿਮੰਦਰ ਸਾਹਿਬ ਪਹੁੰਚੇ ਅਤੇ ਗੁਰੂਘਰ ਮੱਥਾ ਟੇਕਿਆ। ਇਸ ਮਗਰੋਂ ਉਹ ਹੁਣ ਜਲਿਆਂਵਾਲਾ ਬਾਗ ਅਤੇ ਫਿਰ ਦੁਰਗਿਆਣਾ ਮੰਦਿਰ ਮੱਥਾ ਟੇਕਣ ਪਹੁੰਚੇ। ਇਸ ਤੋਂ ਬਾਅਦ ਸ਼੍ਰੀ ਰਾਮਤੀਰਥ ਲਈ ਰਵਾਨਾ ਹੋਣਗੇ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਦ੍ਰੋਪਦੀ ਮੁਰਮੂ ਦੀ ਇਹ ਪਹਿਲੀ ਪੰਜਾਬ ਫੇਰੀ ਹੈ।
ਦੱਸ ਦੇਈਏ ਕਿ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ। ਇਸ ਦੌਰਾਨ ਉਨ੍ਹਾਂ ਰਾਸ਼ਟਰਪਤੀ ਮੁਰਮੂ ਨਾਲ ਲੰਗਰ ਵੀ ਛਕਿਆ।
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਣ ਤੋਂ ਬਾਅਦ ਰਾਸ਼ਟਰਪਤੀ ਦਾ ਮੋਟਰ ਕਾਫ਼ਲਾ ਹਰਿਮੰਦਰ ਸਾਹਿਬ ਪਹੁੰਚਿਆ। ਇੱਥੇ ਸੰਸਦ ਮੈਂਬਰ ਗੁਰਜੀਤ ਔਜਲਾ ਵੀ ਉਨ੍ਹਾਂ ਦੇ ਨਾਲ ਘੁੰਮਦੇ ਨਜ਼ਰ ਆਏ। ਪਰਿਕਰਮਾ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਰਾਸ਼ਟਰਪਤੀ ਮੁਰਮੂ ਦੁਪਹਿਰ ਕਰੀਬ 2.50 ਵਜੇ ਜਲਿਆਂਵਾਲਾ ਬਾਗ ਪਹੁੰਚ ਗਏ ਹਨ। ਇੱਥੇ ਉਹ ਹੁਣ ਸ਼ਹੀਦੀ ਸਮਾਰਕ ‘ਤੇ ਫੁੱਲ ਚੜ੍ਹਾਉਣ ਅਤੇ ਸ਼ਹੀਦਾਂ ਨੂੰ ਮੱਥਾ ਟੇਕਣ ਤੋਂ ਬਾਅਦ ਦੁਰਗਿਆਣਾ ਮੰਦਰ ਪਹੁੰਚੇ।
ਰਾਸ਼ਟਰਪਤੀ ਨੇ ਜਲਿਆਂਵਾਲਾ ਬਾਗ ਵਿਖੇ ਵਿਜ਼ਟਰ ਬੁੱਕ ਵਿੱਚ ਆਪਣਾ ਸੰਦੇਸ਼ ਲਿਖਿਆ। ਉਨ੍ਹਾਂ ਲਿਖਿਆ ਕਿ ਅੱਜ ਮੈਂ ਜਲਿਆਂਵਾਲਾ ਬਾਗ ਦੀ ਪਵਿੱਤਰ ਧਰਤੀ ‘ਤੇ ਆਜ਼ਾਦੀ ਘੁਲਾਟੀਆਂ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦੀ ਹਾਂ। ਮੈਂ 1919 ਦੇ ਮੰਦਭਾਗੇ ਕਤਲੇਆਮ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਭਾਰਤ ਦੇ ਸਾਰੇ ਬਹਾਦਰ ਲੜਾਕਿਆਂ ਨੂੰ ਪ੍ਰਣਾਮ ਕਰਦੀ ਹਾਂ। ਇੱਕ ਸ਼ੁਕਰਗੁਜ਼ਾਰ ਕੌਮ ਹਮੇਸ਼ਾ ਉਨ੍ਹਾਂ ਬਹਾਦਰ ਕੁਰਬਾਨੀਆਂ ਨੂੰ ਯਾਦ ਰੱਖੇਗੀ, ਜਿਨ੍ਹਾਂ ਨੇ ਮਾਤ ਭੂਮੀ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਇਹ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਜ਼ਾਦੀ ਦੀ ਮਹੱਤਤਾ ਅਤੇ ਇਸ ਲਈ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦੀ ਰਹੇਗੀ ਅਤੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀ ਰਹੇਗੀ।
ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਹਰਿਮੰਦਰ ਸਾਹਿਬ ਦੀ ਫੇਰੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋ ਮੰਗ ਪੱਤਰ ਸੌਂਪੇ ਹਨ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਹਿਲਾ ਮੰਗ ਪੱਤਰ ਬੰਦੀ ਸਿੱਖਾਂ ਦੀ ਰਿਹਾਈ ਸਬੰਧੀ ਅਤੇ ਦੂਜਾ ਮੰਗ ਪੱਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਮਾਨਤਾ ਸਬੰਧੀ ਦਿੱਤਾ।
ਇਹ ਵੀ ਪੜ੍ਹੋ : ਸਤੀਸ਼ ਕੌਸ਼ਿਕ ਦੀ ਮੌ.ਤ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ, ਦੀਨਦਿਆਲ ਹਸਪਤਾਲ ‘ਚ ਕੀਤਾ ਪੋਸਟਮਾਰਟਮ
ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਸ਼ਹਿਰ ਨੂੰ 5 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਆਪਣੇ 4 ਘੰਟੇ ਦੇ ਅੰਮ੍ਰਿਤਸਰ ਦੌਰੇ ਦੌਰਾਨ ਰਾਸ਼ਟਰਪਤੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਰ ਅਤੇ ਸ਼੍ਰੀ ਰਾਮਤੀਰਥ ਦੇ ਦਰਸ਼ਨ ਕਰਨਗੇ, ਜਿਸ ਕਾਰਨ ਦੁਪਹਿਰ 1 ਤੋਂ 4 ਵਜੇ ਤੱਕ ਪੂਰੇ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: