ਚੰਡੀਗੜ੍ਹ ਦੇ ਸੈਕਟਰ 26 ਦੀ ਬਾਪੂ ਧਾਮ ਕਲੋਨੀ ਵਿੱਚ ਇੱਕ ਪਰਿਵਾਰ ਉੱਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਹੈ। ਮਾਮਲਾ ਹੋਲੀ ‘ਤੇ ਕੁਝ ਨੌਜਵਾਨਾਂ ਵੱਲੋਂ ਇਕ ਔਰਤ ਨੂੰ ਜ਼ਬਰਦਸਤੀ ਰੰਗ ਲਗਾਉਣ ਦੀ ਘਟਨਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਜਿਸ ਕਰਕੇ ਬੀਤੇ ਸ਼ਨੀਵਾਰ ਕੁਝ ਨੌਜਵਾਨਾਂ ਨੇ ਘਰ ‘ਚ ਦਾਖਲ ਹੋ ਕੇ ਬਜ਼ੁਰਗਾਂ ਸਮੇਤ ਔਰਤਾਂ ‘ਤੇ ਲਾਠੀਆਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਹਮਲਾ ਕਰਨ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਘਟਨਾ ਸਬੰਧੀ ਬਾਪੂ ਧਾਮ ਕਲੋਨੀ ਦੇ ਹਰੀ ਪ੍ਰਕਾਸ਼ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7 ਵਜੇ ਜਦੋਂ ਉਹ ਆਟੋ ਚਲਾ ਕੇ ਘਰ ਪਹੁੰਚਿਆ ਤਾਂ ਦੇਖਿਆ ਕਿ ਉਸ ਦੇ ਘਰ ਲੜਾਈ-ਝਗੜਾ ਹੋ ਰਿਹਾ ਸੀ। ਉਸ ਦੇ ਪਿਤਾ ਅਤੇ ਭਰਾ ਓਮ ਪ੍ਰਕਾਸ਼ ਖੂਨ ਨਾਲ ਲੱਥਪੱਥ ਪਏ ਸਨ। ਇਸ ਮਗਰੋਂ ਉਹ ਜਖਮੀਆਂ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਲੈ ਗਿਆ। ਜਦੋਂ ਹਰੀ ਪ੍ਰਕਾਸ਼ ਆਪਣੇ ਪਿਤਾ ਅਤੇ ਭਰਾ ਨੂੰ ਹਸਪਤਾਲ ਲੈ ਕੇ ਗਿਆ ਤਾਂ ਪਿੱਛੇ ਤੋਂ ਹਮਲਾਵਰ ਉਸ ਦੇ ਘਰ ਦੀਆਂ ਔਰਤਾਂ ਦੀ ਕੁੱਟਮਾਰ ਕਰਦੇ ਰਹੇ।
ਜਾਣਕਰੀ ਅਨੁਸਾਰ ਬਦਮਾਸ਼ਾਂ ਵੱਲੋਂ ਕੀਤੇ ਗਏ ਹਮਲੇ ‘ਚ ਔਰਤਾਂ ਦੇ ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਸੱਟਾਂ ਲੱਗੀਆਂ ਹਨ। ਹਮਲੇ ‘ਚ 10ਵੀਂ ਜਮਾਤ ‘ਚ ਪੜ੍ਹਦੀ 15 ਸਾਲਾ ਲੜਕੀ ਦੇ ਅੱਖ ਦੇ ਨੇੜੇ ਗੰਭੀਰ ਸੱਟ ਲੱਗੀ ਹੈ ਅਤੇ ਉਸ ਨੂੰ ਦੇਖਣ ‘ਚ ਦਿੱਕਤ ਆ ਰਹੀ ਹੈ। ਉਸ ਦੀਆਂ ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਹਨ। ਹਰੀ ਪ੍ਰਕਾਸ਼ ਨੇ ਦੱਸਿਆ ਕਿ ਗੁਆਂਢੀ ਝਗੜੇ ਵਿੱਚ ਮੁਲਜ਼ਮ ਧਿਰ ਨੇ ਹਮਲਾਵਰਾਂ/ਰਿਸ਼ਤੇਦਾਰਾਂ ਨੂੰ ਬੁਲਾਇਆ ਜਿਨ੍ਹਾਂ ਨੇ ਇਹ ਲੜਾਈ ਕੀਤੀ। ਹਮਲੇ ਦੀ ਸ਼ਿਕਾਇਤ ਬਾਪੂ ਧਾਮ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸੂਬੇ ‘ਚ ਖੋਲ੍ਹੇ ਜਾਣਗੇ 142 ਹੋਰ ਨਵੇਂ ਆਮ ਆਦਮੀ ਕਲੀਨਿਕ, ਮਾਰਚ ਤੱਕ ਲੋਕਾਂ ਨੂੰ ਹੋਣਗੇ ਸਮਰਪਿਤ
ਇਸ ਮਾਮਲੇ ਸਬੰਧੀ ਬਾਪੂ ਧਾਮ ਚੌਕੀ ਇੰਚਾਰਜ ਸਤੀਸ਼ ਕੁਮਾਰ ਨੇ ਦੱਸਿਆ ਕਿ ਹਰੀ ਪ੍ਰਕਾਸ਼ ਦੇ ਬਿਆਨ ਦੇ ਅਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਸੂਚਨਾ ਮੁਤਾਬਕ ਪੁਲਿਸ ਵੱਲੋਂ ਮੁਲਜ਼ਮਾਂ ਨੂੰ SDM ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਕਤ ਮਾਮਲੇ ‘ਚ MLR ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਮੁੱਢਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਦੇ ਘਰ ਦੇ ਨੇੜੇ ਕੁਝ ਨੌਜਵਾਨ ਕਿਰਾਏ ’ਤੇ ਰਹਿੰਦੇ ਹਨ। ਉਹ ਹੋਲੀ ‘ਤੇ ਆਪਣੇ ਸਾਲੇ ਦੀ ਪਤਨੀ ਨੂੰ ਜ਼ਬਰਦਸਤੀ ਰੰਗ ਲਗਾ ਰਿਹਾ ਸੀ। ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਲੜਾਈ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਗੁਆਂਢੀ ਔਰਤ ਦੀ ਆਪਣੇ ਪਰਿਵਾਰ ਦੀਆਂ ਔਰਤਾਂ ਨਾਲ ਬਹਿਸ ਹੋ ਗਈ ਅਤੇ ਉਸ ਨੇ ਹਮਲਾਵਰਾਂ ਨੂੰ ਬੁਲਾ ਲਿਆ। ਜ਼ਖਮੀ ਓਮ ਪ੍ਰਕਾਸ਼ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ ਅੱਧੀ ਦਰਜਨ ਦੇ ਕਰੀਬ ਸੀ।
ਵੀਡੀਓ ਲਈ ਕਲਿੱਕ ਕਰੋ -: