ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੌਰਾਨ ਕੇਂਦਰੀ ਮੁਲਾਜ਼ਮਾਂ ਦੇ ਰੋਕੇ ਗਏ ਮਹਿੰਗਾਈ ਭੱਤੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਸਰਕਾਰ ਨੇ ਉਨ੍ਹਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਨ੍ਹਾਂ ਦਾ 18 ਮਹੀਨਿਆਂ ਦਾ ਬਕਾਇਆ ਡੀਏ ਏਰੀਅਰ ਨਹੀਂ ਦਿੱਤਾ ਜਾਵੇਗਾ।
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਇਕਸਵਾਲ ਦੇ ਜਵਾਬ ਵਿਚ ਸਾਫ ਸ਼ਬਦਾਂ ਵਿਚ ਬਕਾਇਆ ਡੀਏ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਸਾਫ ਕਰ ਦਿੱਤਾ ਕਿ ਭਵਿੱਖ ਵਿਚ ਵੀ ਇਨ੍ਹਾਂ 18 ਮਹੀਨਿਆਂ ਦਾ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤਾ ਤੇ ਮਹਿੰਗਾਈ ਰਾਹਤ ਦੀਆਂ ਤਿੰਨ ਕਿਸ਼ਤਾਂ ਦਾ ਬਕਾਇਆ ਦਿੱਤੇ ਜਾਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ।
ਇਸ ਪੂਰੇ ਮਾਮਲੇ ਵਿਚ ਸਰਕਾਰ ਵੱਲੋਂ ਸਫਾਈ ਦਿੰਦੇ ਹੋਏ ਕਿਹਾ ਕਿ ਜਨਵਰੀ 2020, ਜੁਲਾਈ 2020 ਤੇ ਜਨਵਰੀ 2021 ਨੂੰ ਜਾਰੀ ਮਹਿੰਗਾਈ ਭੱਤੇ ਨੂੰ ਨਾ ਦਿੱਤੇ ਜਾਣ ਦਾ ਫੈਸਲਾ ਕੋਰੋਨਾ ਮਹਾਮਾਰੀ ਵਿਚ ਪੈਦਾ ਹੋਏ ਆਰਥਿਕ ਨੁਕਸਾਨ ਦੇ ਕਾਰਨ ਲਿਆ ਗਿਆ ਹੈ। ਇਸ ਫੈਸਲੇ ਦੇ ਸਰਕਾਰ ਨੇ 34402.32 ਕਰੋੜ ਰੁਪਏ ਦੀ ਰਕਮ ਸਰਕਾਰੀ ਖਜ਼ਾਨੇ ਵਿਚ ਬਚਾਈ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦੌਰਾਨ ਜੋ ਨੁਕਸਾਨ ਹੋਇਆ ਹੈ ਸਰਕਾਰ ਦੇ ਬਕਾਇਆ ਡੀਏ ਨਾ ਦੇਣ ਦੇ ਫੈਸਲੇ ਨਾਲ ਵਿੱਤੀ ਨੁਕਸਾਨ ਨੂੰ ਘੱਟ ਕਰਨ ਵਿਚ ਵੱਡੀ ਮਦਦ ਮਿਲੀ ਹੈ।
ਪੰਕਜ ਚੌਧਰੀ ਮੁਤਾਬਕ ਮਹਾਮਾਰੀ ਕਾਲ ਵਿਚ ਕਲਿਆਣਕਾਰੀ ਯੋਜਨਾਵਾਂ ਲਈ ਕਾਫੀ ਧਨ ਦੀ ਵਿਵਸਥਾ ਕਰਨੀ ਪਈ ਸੀ। ਇਸ ਦਾ ਅਸਰ 2020-21 ਦੇ ਬਾਅਦ ਦੇਖਿਆ ਗਿਆ। ਇਸ ਲਈ ਕੇਂਦਰੀ ਮੁਲਾਜ਼ਮਾਂ ਦੇ ਬਕਾਏ ਮਹਿੰਗਾਈ ਭੱਤੇ ਦਾ ਏਰੀਅਰ 2020-21 ਲਈ ਹੈ ਜਿਸ ਨੂੰ ਦੇਣਾ ਸਹੀ ਨਹੀਂ ਸਮਝਿਆ ਗਿਆ।
ਕੇਂਦਰੀ ਮੁਲਾਜ਼ਮਾਂ ਦਾ ਜਨਵਰੀ 2020 ਤੋਂ ਜੂਨ 2021 ਤੱਕ ਦਾ ਡੀਏ ਪੈਂਡਿੰਗ ਹੈ। ਸਰਕਾਰ ਨੇ ਦੇਸ਼ ਵਿਚ ਕੋਵਿਡ-19 ਮਹਾਮਾਰੀ ਦੌਰਾਨ ਮੁਲਾਜ਼ਮਾਂ ਦੇ ਡੀਏ ਨੂੰ ਹੋਲਡ ਕਰ ਦਿੱਤਾ ਸੀ। ਜਦੋਂ ਕੋਰੋਨਾ ਮਹਾਮਾਰੀ ਦੌਰਾਨ ਲੱਗੀਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਤਾਂ ਮੁਲਾਜ਼ਮਾਂ ਨੂੰ ਬਕਾਇਆ ਡੀਏ ਦੀ ਰਕਮ ਵਾਪਸ ਮਿਲਣ ਦੀ ਉਮੀਦ ਜਾਗੀ ਸੀ।
ਇਹ ਵੀ ਪੜ੍ਹੋ : 24 ਮਾਰਚ 2023 ਨੂੰ ਰਿਲੀਜ਼ ਹੋਵੇਗੀ ਫਿਲਮ “ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ”
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਮੁਲਾਜ਼ਮ ਲੰਬੇ ਸਮੇਂ ਤੋਂ ਆਪਣੇ ਬਕਾਇਆ ਡੀਏ ਰਕਮ ਦਾ ਇੰਤਜ਼ਾਰ ਕਰ ਰਹੇ ਹਨ ਤੇ ਸਰਕਾਰ ਤੋਂ ਇਸ ‘ਤੇ ਜਲਦ ਫੈਸਲਾ ਲੈਣ ਦੀ ਮੰਗ ਕਰ ਰਹੇ ਸਨ। ਹੁਣ ਵਿੱਤ ਮੰਤਰੀ ਦੀ ਦੋ-ਟੁਕ ਨੇ ਡੀਏ ਏਰੀਅਰ ਨੂੰ ਲੈ ਕੇ ਸਰਕਾਰ ਦਾ ਰੁਖ਼ ਸਾਫ ਕਰ ਦਿੱਤਾ ਹੈ ਤੇ ਕੇਂਦਰੀ ਮੁਲਾਜ਼ਮਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ।