ਪੰਜਾਬ ਦੇ ਲੁਧਿਆਣਾ ਵਿੱਚ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਨਾਲ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਕਰੀਬ 25 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਜ਼ਖਮੀਆਂ ਵਿੱਚੋਂ 10 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਸਾਹਮਣੇ ਤੋਂ ਆ ਰਹੀ ਟਾਟਾ ਸਫਾਰੀ ਨੂੰ ਬਚਾਉਣ ਲਈ ਹੋਈ ਟੱਕਰ ਵਿੱਚ ਵਾਪਰਿਆ ਹੈ। ਸਾਰੇ ਸਮਰਾਲਾ ਤੋਂ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸਨ।
ਜ਼ਖਮੀ ਡਰਾਈਵਰ ਦਲਜੀਤ ਸਿੰਘ ਨੇ ਦੱਸਿਆ ਕਿ ਟਾਟਾ ਸਫਾਰੀ ਦਾ ਡਰਾਈਵਰ ਤੇਜ਼ ਰਫਤਾਰ ਨਾਲ ਕਾਰ ਚਲਾ ਰਿਹਾ ਸੀ। ਡਰਾਈਵਰ ਨੇ ਉਸ ਨੂੰ ਬਚਾਉਣ ਲਈ ਸਟੇਅਰਿੰਗ ਨਹਿਰ ਵਾਲੇ ਪਾਸੇ ਮੋੜ ਦਿੱਤੀ। ਇਸ ਦੇ ਬਾਵਜੂਦ ਟਾਟਾ ਸਫਾਰੀ ਉਸ ਨਾਲ ਟਕਰਾ ਗਈ ਅਤੇ ਉਸ ਦੀ ਪਿਕਅੱਪ ਪਲਟ ਗਈ। ਡਰਾਈਵਰ ਨੇ ਦੋਸ਼ ਲਾਇਆ ਕਿ ਸਫਾਰੀ ਦਾ ਡਰਾਈਵਰ ਇੱਕ ਹੱਥ ਨਾਲ ਫ਼ੋਨ ਵਰਤ ਰਿਹਾ ਸੀ ਅਤੇ ਦੂਜੇ ਹੱਥ ਨਾਲ ਗੱਡੀ ਚਲਾ ਰਿਹਾ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : ਖੰਨਾ ਦੇ ਹਸਪਤਾਲ ‘ਚੋਂ ASI ਨੂੰ ਧੱਕਾ ਦੇ ਕੇ ਭੱਜਿਆ ਕੈਦੀ, ਪੁਲਿਸ ਨੇ ਫ਼ਿਲਮੀ ਸਟਾਈਲ ‘ਚ ਕੀਤਾ ਕਾਬੂ
ਇਸ ਭਿਆਨਕ ਹਾਦਸੇ ਤੋਂ ਬਾਅਦ ਸੜਕ ‘ਤੇ ਹਾਹਾਕਾਰ ਮੱਚ ਗਈ। ਆਸਪਾਸ ਦੇ ਲੋਕ ਤੁਰੰਤ ਉਨ੍ਹਾਂ ਵੱਲ ਭੱਜੇ ਅਤੇ ਸਾਰੇ ਜ਼ਖਮੀਆਂ ਨੂੰ ਬਾਹਰ ਕੱਢਿਆ। ਮੌਕੇ ‘ਤੇ ਐਂਬੂਲੈਂਸ ਦੀ ਮਦਦ ਨਾਲ ਤੁਰੰਤ ਸਾਰਿਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦਿੱਤੀ। ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 10 ਲੋਕਾਂ ਦੀ ਹਾਲਤ ਜ਼ਿਆਦਾ ਗੰਭੀਰ ਹੈ। ਘਟਨਾ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਜ਼ਖਮੀਆਂ ਦੀ ਪਛਾਣ ਹੋਣੀ ਅਜੇ ਬਾਕੀ ਹੈ।
ਵੀਡੀਓ ਲਈ ਕਲਿੱਕ ਕਰੋ -: