ਪਾਕਿਸਤਾਨ ਵਿਚ ਬੈਠੇ ਤਸਕਰਾਂ ਨੇ ਇਕ ਵਾਰ ਫਿਰ ਭਾਰਤੀ ਸਰਹੱਦ ਵਿਚ ਡ੍ਰੋਨ ਨੂੰ ਭੇਜਿਆ। ਪੰਜਾਬ ਵਿਚ ਅੰਮ੍ਰਿਤਸਰ ਦੀ ਸਰਹੱਦ ‘ਤੇ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਡ੍ਰੋਨ ਨੂੰ ਵਾਪਸ ਖਦੇੜਣ ਵਿਚ ਸਫਲਤਾ ਹਾਸਲ ਕੀਤੀ। ਸਰਹੱਦ ‘ਤੇ ਸਰਚ ਮੁਹਿੰਮ ਚਲਾਈ ਗਈ ਜਿਸ ਵਿਚ ਲਗਭਗ 21 ਕਰੋੜ ਦੀ ਹੈਰੋਇਨ ਨੂੰ ਜ਼ਬਤ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨੀ ਤਸਕਰਾਂ ਨੇ ਇਹ ਡ੍ਰੋਨ ਅੰਮ੍ਰਿਤਸਰ ਦੇ ਪਿੰਡ ਬੱਚੀਵਿੰਡ ਵੱਲ ਭੇਜਿਆ ਸੀ। ਡ੍ਰੋਨ ‘ਤੇ ਬਲਿੰਕਰ ਲੱਗੇ ਹੋਏ ਸਨ ਤਾਂ ਕਿ ਤਸਕਰ ਉਸ ਨੂੰ ਪਛਾਣ ਸਕਣ ਤੇ ਉਠਾ ਸਕਣ ਪਰ ਤਸਕਰਾਂ ਤੋਂ ਪਹਿਲਾਂ ਡ੍ਰੋਨ ‘ਤੇ ਬੀਐੱਸਐੱਫ ਦੇ ਜਵਾਨਾਂ ਦੀ ਨਜ਼ਰ ਪੈ ਗਈ। ਜਵਾਨਾਂ ਨੇ ਕਈ ਰਾਊਂਡ ਫਾਇਰ ਕੀਤੇ। ਕੁਝ ਮਿੰਟਾਂ ਦੇ ਬਾਅਦ ਡ੍ਰੋਨ ਪਾਕਿਸਤਾਨੀ ਸਰਹੱਦ ਵਿਚ ਵਾਪਸ ਪਰਤ ਗਿਆ।
BSF ਜਵਾਨਾਂ ਨੇ ਉਸੇ ਸਮੇਂ ਇਲਾਕੇ ਨੂੰ ਘੇਰ ਲਿਆ ਤੇ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ। ਪਿੰਡ ਬੱਚੀਵਿੰਡ ਦੇ ਖੇਤਾਂ ਵਿਚ ਖੇਪ ਡਿੱਗੀ ਮਿਲੀ। ਇਸ ਨੂੰ ਕਾਲੇ ਰੰਗ ਦੇ ਡੀਜ਼ਲ ਬ੍ਰੈਂਡ ਦੇ ਬੈਗ ਵਿਚ ਪਾ ਕੇ ਸੁੱਟਿਆ ਗਿਆ ਸੀ। ਉਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚ ਤਿੰਨ ਪੈਕੇਟ ਸਨ ਜਿਨ੍ਹਾਂ ਵਿਚ 3.2 ਕਿਲੋਗ੍ਰਾਮ ਹੈਰੋਇਨ ਸੀ ਜਿਸ ਦੀ ਕੌਮਾਂਤਰੀ ਕੀਮਤ ਲਗਭਗ 21 ਕਰੋੜ ਦੱਸੀ ਜਾ ਰਹੀ ਹੈ।
ਜੋ ਖੇਪ ਬਰਾਮਦ ਕੀਤੀ ਗਈ ਉਸ ‘ਤੇ ਬਲਿੰਕਰ ਲੱਗੇ ਹੋਏ ਸਨ। ਇਹ ਬਲਿੰਕਰ ਹਵਾ ਵਿਚ ਡ੍ਰੋਨ ਦੇ ਨਾਲ ਬੰਨ੍ਹੇ ਹੋਏ ਨਹੀਂ ਲੱਗਦੇ ਸਗੋਂ ਜਿਵੇਂ ਹੀ ਜ਼ਮੀਨ ‘ਤੇ ਡਿੱਗਦੇ ਹਨ ਤਾਂ ਬਲਿੰਕ ਕਰਨ ਲੱਗਦੇ ਹਨ। ਪਾਕਿ ਤਸਕਰਾਂ ਨੇ ਇਸ ਤਕਨੀਕ ਨੂੰ ਭਾਰਤੀ ਤਸਕਰਾਂ ਲਈ ਅਪਣਾਇਆ ਹੈ ਤਾਂ ਕਿ ਆਸਾਨੀ ਨਾਲ ਡਿਗੀ ਖੇਪ ਨੂੰ ਤਸਕਰ ਲੱਭ ਸਕਣ।
ਵੀਡੀਓ ਲਈ ਕਲਿੱਕ ਕਰੋ -: