ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਤਿੰਨ ਵੱਖ-ਵੱਖ ਮਾਮਲਿਆਂ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ 7 ਅਫਸਰਾਂ ਸਣੇ 8 ਨੂੰ ਮੁਅੱਤਲ ਕਰ ਦਿੱਤਾ। ਇਨ੍ਹਾਂ ਵਿਚ ਚਾਰ ਐੱਸਡੀਓ, ਇਕ ਐੱਸਈਡੀ, ਇਕ ਜੇਈ, ਇਕ ਡਵੀਜ਼ਨਲ ਅਕਾਊਂਟੈਂਟ ਤੇ ਇਕ ਲਾਇਨਮੈਨ ਸ਼ਾਮਲ ਹਨ। ਤਿੰਨੋਂ ਮਾਮਲਿਆਂ ਵਿਚ ਦੋਸ਼ੀਆਂ ਖਿਲਾਫ FIR ਵੀ ਦਰਜ ਕੀਤੀ ਗਈ ਹੈ।
ਬਿਜਲੀ ਮੰਤਰੀ ਨੇ ਦੱਸਿਆ ਕਿ ਮੁਬਾਰਕਪੁਰ ਐੱਸਡੀਓ ਗੁਰਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ‘ਤੇ ਉਦਯੋਗਿਕ ਕਨੈਕਸ਼ਨ ਜਾਰੀ ਕਰਨ ਦੇ ਮਾਮਲੇ ਵਿਚ ਬਿਨੈਕਾਰ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਸੀ। PSPCL ਦੇ ਇਨਫੋਰਸਮੈਂਟ ਵਿੰਗ ਨੇ ਇਸ ਮਾਮਲੇ ਦੀ ਜਾਂਚ ਕੀਤੀ ਤੇ ਦੋਸ਼ ਸਹੀ ਮਿਲਿਆ। ਦੂਜੇ ਮਾਮਲੇ ਵਿਚ ਗਬਨ ਦੇ ਦੋਸ ਵਿਚ ਐੱਸਡੀਓ ਹਰਜੀਤ ਸਿੰਘ, ਦਰਸ਼ਨ ਸਿੰਘ, ਸਬ-ਡਵੀਜ਼ਨ ਬੱਸੀਆਂ ਦੇ ਐੱਸਡੀਓ ਛਿੰਦਰਪਾਲ ਸਿੰਘ, ਜੇਈ ਦਲਜੀਤ ਸਿੰਘ ਤੇ ਲਾਇਨਮੈਨ ਅਜੀਤਪਾਲ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ।
ਇਨ੍ਹਾਂ ‘ਤੇ ਪੀਐੱਸਪੀਸੀਐੱਲ ਦੇ ਸਟੋਰਾਂ ਤੋਂ ਕੱਢੀ ਗਈ ਸਮੱਗਰੀ ਨੂੰ ਗੋਲਮਾਲ ਕਰਨ ਦਾ ਦੋਸ਼ ਹੈ। ਇਸ ਮਾਮਲੇ ਦੀ ਪੀਐੱਸਪੀਸੀਐੱਲ ਦੇ ਆਡਿਟ ਵਿੰਗ ਨੇ ਜਾਂਚ ਕੀਤੀ ਸੀ। ਤੀਜੇ ਮਾਮਲੇ ਵਿਚ ਸਬ-ਡਵੀਜ਼ਨ ਅਮਲੋਹ ਦੇ ਵਧੀਕ ਐੱਸਡੀਈ ਸੁਮੇਲ ਸਿੰਘ ਤੇ ਡਵੀਜ਼ਨਲ ਅਕਾਊਂਟੈਂਟ ਕਿਰਨ ਕੁਮਾਰ ਨੂੰ ਮੁਅੱਤਲ ਕੀਤਾ ਗਿਆ। ਇਨ੍ਹਾਂ ‘ਤੇ PSPCL ਦੇ ਫੰਡਾਂ ਵਿਚ ਘਪਲੇ ਦਾ ਦੋਸ਼ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਚ ਸ਼ਾਮਲ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਅਜਿਹੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਤਿੰਨੋਂ ਮਾਮਲਿਆਂ ਵਿਚ ਸੀਨੀਅਰ ਅਧਿਕਰੀਆਂ ਦੇ ਸ਼ਾਮਲ ਹੋਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਗਤੀਵਿਧੀਆਂ ਵਿਚ ਸ਼ਾਮਲ ਪਾਏ ਗਏ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਡੇਢ ਸਾਲ ਮਗਰੋਂ ਕੋਮਾ ਤੋਂ ਬਾਹਰ ਆਇਆ ਬੰਦਾ, ਖੁਦ ਨਾਲ ਹੋਏ ਹਾਦਸੇ ਨੂੰ ਲੈ ਕੇ ਖੋਲ੍ਹਿਆ ਰਾਜ਼, ਸਭ ਹੈਰਾਨ
ਵਿਭਾਗ ਦੇ ਕਿਸੇ ਵੀ ਮੁਲਾਜ਼ਮ ਵੱਲੋਂ ਜੇਕਰ ਕਿਸੇ ਵੀ ਪੱਧਰ ‘ਤੇ ਉਪਭੋਗਤਾਵਾਂ ਨਾਲ ਗਲਤ ਵਿਵਹਾਰ ਤੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬਿਜਲੀ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਤੋਂ ਰਿਸ਼ਵਤਖੋਰੀ ਨੂੰ ਜੜ੍ਹ ਤੋਂ ਉਖਾੜਨ ਲਈ ਸਰਕਾਰ ਨੂੰ ਸਹਿਯੋਗ ਦੇਣ ਤੇ ਜੇਕਰ ਬਿਜਲੀ ਵਿਭਾਗ ਦਾ ਕੋਈ ਅਧਿਕਾਰੀ ਰਿਸ਼ਵਤ ਦੀ ਮੰਗ ਕਰੇ ਤਾਂ ਤੁਰੰਤ ਉਨ੍ਹਾਂ ਦੇ ਦਫਤਰ ਨੂੰ ਸੂਚਿਤ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: