ਫਤਿਹਗੜ੍ਹ ਸਾਹਿਬ ਦੇ ਭੱਟਮਾਜਰਾ ਵਿੱਚ 40.8 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ 48 ਘੰਟਿਆਂ ਵਿੱਚ ਸੁਲਝਾ ਲਿਆ ਹੈ। ਲੁੱਟ ਦੀ ਵਾਰਦਾਤ ਨੂੰ 6 ਲੋਕਾਂ ਨੇ ਅੰਜਾਮ ਦਿੱਤਾ ਅਤੇ ਇਨ੍ਹਾਂ ‘ਚੋਂ 3 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਟਾਂਗਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਬਕਾ ਪੈਟਰੋਲ ਪੰਪ ਮੈਨੇਜਰ ਵਿਕਰਮਜੀਤ ਸਿੰਘ ਦੇ ਘਰੋਂ 33.73 ਲੱਖ ਰੁਪਏ ਬਰਾਮਦ ਹੋਏ ਹਨ। ਵਿਕਰਮਜੀਤ ਸਿੰਘ ਨੇ ਪੰਪ ਦਾ ਠੇਕਾ ਦੁਬਾਰਾ ਨਾ ਮਿਲਣ ਦੀ ਦੁਸ਼ਮਣੀ ਵਿੱਚ ਲੁੱਟ ਦੀ ਇਸ ਸਾਰੀ ਸਾਜ਼ਿਸ਼ ਨੂੰ ਰਚਿਆ ਸੀ।
SSP ਡਾਕਟਰ ਰਵਜੋਤ ਗਰੇਵਾਲ ਨੇ ਦੱਸਿਆ ਕਿ ਲੁਟੇਰਿਆਂ ਨੂੰ ਫੜਨ ਲਈ ਐਸਪੀ (ਇਨਵੈਸਟੀਗੇਸ਼ਨ) ਰਾਕੇਸ਼ ਕੁਮਾਰ ਯਾਦਵ, ਡੀਐਸਪੀ ਸੁਖਵੀਰ ਸਿੰਘ ਦੀ ਅਗਵਾਈ ਵਿੱਚ ਏਜੀਟੀਐਫ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਸੂਚਨਾ ਮਿਲਦੇ ਹੀ 2 ਮੁਲਜ਼ਮ ਗੁਰਪ੍ਰੀਤ ਅਤੇ ਹਰਪ੍ਰੀਤ ਨੂੰ ਐਨਕਾਊਂਟਰ ਤੋਂ ਬਾਅਦ ਫੜ ਲਿਆ।
ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਖਰੜ ਨੇੜੇ ਚੌਕੀ ‘ਤੇ ਮੁਕਾਬਲੇ ਤੋਂ ਬਾਅਦ ਗੋਲੀਆਂ ਲੱਗੀਆਂ। ਦੋਵਾਂ ਨੇ ਨਾਕੇ ‘ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਏਜੀਟੀਐਫ ਦੀ ਜਵਾਬੀ ਕਾਰਵਾਈ ਵਿੱਚ ਦੋਵੇਂ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਪੁਲਸ ਦੀ ਪੁੱਛਗਿੱਛ ‘ਚ ਦੋਵਾਂ ਨੇ ਖੁਲਾਸਾ ਕੀਤਾ ਕਿ ਲੁੱਟ ਦੀ ਵਾਰਦਾਤ ‘ਚ 6 ਲੋਕ ਸ਼ਾਮਲ ਸਨ ਅਤੇ ਇਸ ਲੁੱਟ ਦੀ ਸਾਰੀ ਸਕਰਿਪਟ ਸਾਬਕਾ ਮੈਨੇਜਰ ਵਿਕਰਮਜੀਤ ਸਿੰਘ ਨੇ ਲਿਖੀ ਸੀ। ਲੁੱਟ ਤੋਂ ਬਾਅਦ ਉਹ ਨਕਦੀ ਵੀ ਆਪਣੇ ਨਾਲ ਲੈ ਗਿਆ।
ਕਾਬੂ ਕੀਤੇ ਦੋਸ਼ੀਆਂ ਤੋਂ ਸੂਚਨਾ ਮਿਲਣ ’ਤੇ ਪੁਲਿਸ ਨੇ ਅੰਮ੍ਰਿਤਸਰ ਦੇ ਪਿੰਡ ਟਾਂਗਰਾ ਵਿੱਚ ਵਿਕਰਮਜੀਤ ਸਿੰਘ ਦੇ ਘਰ ਛਾਪਾ ਮਾਰਿਆ। ਉਸ ਨੂੰ ਘਰੋਂ ਫੜ ਲਿਆ। ਲੁੱਟੇ ਗਏ 40.80 ਲੱਖ ਰੁਪਏ ‘ਚੋਂ 33,73,000 ਰੁਪਏ ਬਰਾਮਦ ਕੀਤੇ। ਪੁਲਿਸ ਨੇ ਵਿਕਰਮਜੀਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਪੁਲਿਸ ਉਸ ਦੇ 3 ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਗਰਮੀ ਦੀ ਛੁੱਟੀਆਂ ਦੇ ਹੋਮਵਰਕ ਨੂੰ ਲੈ ਕੇ ਨਿਵੇਕਲੀ ਪਹਿਲ, ਪੰਜਾਬੀ ਸੱਭਿਆਚਾਰ ਨਾਲ ਜੁੜਨਗੇ ਬੱਚੇ
ਪੁਲਿਸ ਦੀ ਗ੍ਰਿਫ਼ਤ ਵਿੱਚ ਆਏ ਇਸ ਲੁੱਟ-ਖੋਹ ਦੇ ਮਾਸਟਰ ਮਾਈਂਡ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੈਟਰੋਲ ਪੰਪ ਕੰਪਨੀ ਨਾਲ 30 ਅਪਰੈਲ ਨੂੰ ਸਮਝੌਤਾ ਖ਼ਤਮ ਹੋ ਗਿਆ ਸੀ। ਅੱਗੋਂ ਉਸ ਨੂੰ ਪੰਪ ਚਲਾਉਣ ਦਾ ਠੇਕਾ ਨਾ ਮਿਲਿਆ ਤਾਂ ਉਸ ਨੇ ਦੁਸ਼ਮਣੀ ਕੱਢਣ ਦੀ ਸਾਰੀ ਯੋਜਨਾ ਬਣਾਈ। ਉਸ ਨੂੰ ਸਭ ਪਤਾ ਸੀ ਕਿ ਕਿੰਨੀ ਨਕਦੀ ਇਕੱਠੀ ਕੀਤੀ ਗਈ ਸੀ ਅਤੇ ਇਹ ਕਦੋਂ ਜਮ੍ਹਾਂ ਕਰਵਾਉਣ ਲਈ ਬੈਂਕ ਵਿਚ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: