ਕਾਊਂਟਰ ਇੰਟੈਲੀਜੈਂਸ (CIA) ਦੀ ਟੀਮ ਨੇ ਪਾਕਿਸਤਾਨ ਤੋਂ ਆਏ ਤਿੰਨ ਪਿਸਤੌਲਾਂ ਸਮੇਤ ਦੋ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਇਹ ਗੱਲ ਕਬੂਲ ਕੀਤੀ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਅੱਗੇ ਸਪਲਾਈ ਕਰ ਚੁੱਕੇ ਹਨ। 19 ਜੂਨ ਨੂੰ ਗ੍ਰਿਫ਼ਤਾਰ ਕੀਤੇ ਦੋਵਾਂ ਮੁਲਜ਼ਮਾਂ ਕੋਲੋਂ 30 ਬੋਰ ਦੇ ਦੋ ਪਿਸਤੌਲ ਅਤੇ 32 ਬੋਰ ਦੇ ਇੱਕ ਪਿਸਤੌਲ ਬਰਾਮਦ ਕੀਤੇ ਗਏ ਸਨ। ਮੁਲਜ਼ਮ ਰਜਿੰਦਰ ਅਤੇ ਇੰਦਰਜੀਤ ਸਿੰਘ ਉਰਫ ਮੱਲੀ ਵਾਸੀ ਅਟਾਰੀ ਸਮੱਗਲਿੰਗ ਦੇ ਧੰਦੇ ਵਿੱਚ ਸ਼ਾਮਲ ਸਨ।
DSP ਬਲਬੀਰ ਸਿੰਘ ਅਤੇ CIA ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਇੱਕ ਮੁਲਜ਼ਮ ਰਜਿੰਦਰ ਕੁਮਾਰ ਉਰਫ਼ ਗੁੱਡੀ ਵਾਸੀ ਧਨੋਏ ਕਲਾਂ ਨੂੰ ਹੋਟਲ ਵੈਲਕਮ ਰੈਜ਼ੀਡੈਂਸੀ ਤੋਂ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਉਸ ਦੇ ਦੂਜੇ ਸਾਥੀ ਨੂੰ ਪ੍ਰੋਡਕਸ਼ਨ ਵਾਰੰਟ ਦੇ ਆਧਾਰ ’ਤੇ ਕੇਂਦਰੀ ਜੇਲ੍ਹ ਫਤਿਹਪੁਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਰਜਿੰਦਰ ਕੁਮਾਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਥਾਣੇ ਵਿੱਚ 6 ਜੂਨ 2023 ਨੂੰ ਦਰਜ ਹੋਏ NDPS ਐਕਟ ਦੇ ਕੇਸ ਵਿੱਚ ਲੋੜੀਂਦਾ ਸੀ।
ਮੁਲਜ਼ਮ ਇੰਦਰਜੀਤ ਸਿੰਘ ਇਸ ਸਮੇਂ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਉਕਤ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ 17 ਜੂਨ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਮੁਲਜ਼ਮ ਨੇ ਦੱਸਿਆ ਕਿ ਸਾਲ 2022 ਵਿਚ ਗ੍ਰਿਫਤਾਰ ਕੀਤੇ ਗਏ ਰਜਿੰਦਰ ਸਿੰਘ ਦੇ ਦੋਸਤ ਗੁਲਵਿੰਦਰ ਸਿੰਘ ਉਰਫ ਟਿੰਕੂ ਵਾਸੀ ਰੰਗੜ ਨੇ ਰਜਿੰਦਰ ਨੂੰ ਵਟਸਐਪ ਰਾਹੀਂ ਪਾਕਿਸਤਾਨ ਸਥਿਤ ਹੈਰੋਇਨ ਅਤੇ ਹਥਿਆਰਾਂ ਦੇ ਸਮੱਗਲਰ ਨਾਲ ਮਿਲਵਾਇਆ ਸੀ।
ਇਹ ਵੀ ਪੜ੍ਹੋ : ਉਡਾਣ ਭਰਦੇ ਹੀ ਜਹਾਜ਼ ਨਾਲ ਟਕਰਾਇਆ ਪੰਛੀ, ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ, 185 ਯਾਤਰੀ ਸੁਰੱਖਿਅਤ
ਮੁਲਜ਼ਮ ਰਜਿੰਦਰ ਅਤੇ ਗੁਲਵਿੰਦਰ ਸਿੰਘ ਉਰਫ ਟਿੰਕੂ ਨੇ ਹੁਣ ਤੱਕ ਅਟਾਰੀ ਦੇ ਪੱਕਾ ਪਿੰਡ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀਆਂ ਚਾਰ ਖੇਪਾਂ ਬਰਾਮਦ ਕੀਤੀਆਂ ਸਨ, ਜੋ ਸਰਹੱਦ ਪਾਰੋਂ ਡਰੋਨ ਰਾਹੀਂ ਭਾਰਤ ਭੇਜੀਆਂ ਜਾਂਦੀਆਂ ਸਨ। ਉਕਤ ਮੁਲਜ਼ਮਾਂ ਕੋਲੋਂ ਕੁੱਲ ਪੰਜ ਪਿਸਤੌਲ, 30 ਬੋਰ ਦੇ ਦੋ, 32 ਬੋਰ ਦੇ ਇੱਕ, 9 ਐਮਐਮ ਦੇ ਦੋ ਅਤੇ ਹੈਰੋਇਨ ਦੇ ਪੰਜ ਪੈਕਟ ਬਰਾਮਦ ਕੀਤੇ ਗਏ ਹਨ। DSP ਨੇ ਦੱਸਿਆ ਕਿ ਪੁਲਿਸ ਟੀਮਾਂ ਬਾਕੀ ਖੇਪ ਬਰਾਮਦ ਕਰਨ ਦੇ ਨਾਲ-ਨਾਲ ਮਾਡਿਊਲ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ।
CIA ਦੇ DSP ਬਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਜਿੰਦਰ ਖ਼ਿਲਾਫ਼ ਪਹਿਲਾਂ ਹੀ ਤਿੰਨ ਕੇਸ ਦਰਜ ਹਨ। 4 ਅਪ੍ਰੈਲ 2018 ਨੂੰ ਕੰਬੋ ਥਾਣੇ, 4 ਅਗਸਤ 2019 ਨੂੰ ਅੰਮ੍ਰਿਤਸਰ ਦੇਹਾਤੀ ਦੇ ਘਰਿੰਡਾ ਥਾਣੇ ਅਤੇ 5 ਜੂਨ 2023 ਨੂੰ ਥਾਣਾ ਘਰਿੰਡਾ ਵਿਖੇ NDPS ਐਕਟ ਸਮੇਤ ਅਸਲਾ ਐਕਟ ਤਹਿਤ ਕੇਸ ਦਰਜ ਕੀਤੇ ਗਏ ਸਨ, ਜਦਕਿ ਕੇਸ ਮੁਲਜ਼ਮ ਇੰਦਰਜੀਤ ਸਿੰਘ ਖ਼ਿਲਾਫ਼ 8 ਜੁਲਾਈ 2018 ਨੂੰ ਘਰਿੰਡਾ ਥਾਣੇ ਵਿੱਚ ਅਤੇ ਪੰਜ ਜੂਨ 2023 ਨੂੰ NDPS ਐਕਟ ਅਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: