ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ‘ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਸਕੂਲ ਬੱਸ ਅਤੇ ਕਾਰ ਦੀ ਟੱਕਰ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਜਦਕਿ ਦੋ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ।
ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਕਰੀਬ 7 ਵਜੇ ਦਿੱਲੀ-ਮੇਰਠ ਐਕਸਪ੍ਰੈੱਸਵੇਅ ‘ਤੇ ਤਾਜ ਹਾਈਵੇਅ ਦੇ ਫਲਾਈਓਵਰ ‘ਤੇ ਕਰਾਸਿੰਗ ਥਾਣਾ ਖੇਤਰ ‘ਚ ਇਹ ਹਾਦਸਾ ਵਾਪਰਿਆ। TUV ਕਾਰ ਵਿੱਚ ਸਵਾਰ ਪਰਿਵਾਰ ਮੇਰਠ ਤੋਂ ਦਿੱਲੀ ਵੱਲ ਖਾਟੂ ਸ਼ਿਆਮ ਦੇ ਦਰਸ਼ਨ ਲਈ ਜਾ ਰਿਹਾ ਸੀ। ਇਸ ਦੌਰਾਨ ਗਲਤ ਦਿਸ਼ਾ ਤੋਂ ਆ ਰਹੀ ਸਕੂਲ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਅਤੇ ਬੱਸ ਦੀ ਟੱਕਰ ਇੰਨੀ ਤੇਜ਼ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਕਾਰ ਨੂੰ ਗੈਸ ਕਟਰ ਨਾਲ ਕੱਟ ਕੇ ਲਾਸ਼ਾਂ ਨੂੰ ਕੱਢਿਆ ਗਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਨਰਿੰਦਰ ਯਾਦਵ (45), ਅਨੀਤਾ (42) ਪਤਨੀ ਨਰਿੰਦਰ, ਧਰਮਿੰਦਰ ਦੀ ਪਤਨੀ ਬਬੀਤਾ (38), ਨਰਿੰਦਰ ਪੁੱਤਰ ਹਿਮਾਂਸ਼ੂ (12), ਨਰਿੰਦਰ ਪੁੱਤਰ ਕਾਰਕੀਤ (15), ਧਰਮਿੰਦਰ ਦੀ ਬੇਟੀ ਵੰਸ਼ਿਕਾ (7) ਵੱਜੋਂ ਹੋਈ ਹੈ। ਨਰਿੰਦਰ ਦਾ ਭਰਾ ਧਰਮਿੰਦਰ ਯਾਦਵ (42) ਅਤੇ ਉਸ ਦਾ ਪੁੱਤਰ ਆਰੀਅਨ (8) ਗੰਭੀਰ ਰੂਪ ਵਿਚ ਜ਼ਖਮੀ ਹਨ। ਇਹ ਪਰਿਵਾਰ ਮੇਰਠ ਦੇ ਇੰਚੋਲੀ ਦੇ ਪਿੰਡ ਧਨਪੁਰ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ : ਜਲੰਧਰ ‘ਚ ਧੁੱਸੀ ਬੰਨ੍ਹ 2 ਥਾਵਾਂ ਤੋਂ ਟੁੱਟਿਆ, ਕਈ ਪਿੰਡਾਂ ‘ਚ ਵੜਿਆ ਪਾਣੀ, NDRF ਤਾਇਨਾਤ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗਾਜ਼ੀਆਬਾਦ ‘ਚ ਸੜਕ ਹਾਦਸੇ ‘ਚ ਜਾਨੀ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿਛੜੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕਰਦਿਆਂ ਮੁੱਖ ਮੰਤਰੀ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਪੁੱਜ ਕੇ ਜ਼ਖ਼ਮੀਆਂ ਨੂੰ ਢੁੱਕਵੇਂ ਇਲਾਜ ਲਈ ਹਸਪਤਾਲ ਲਿਜਾਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਵੀਡੀਓ ਲਈ ਕਲਿੱਕ ਕਰੋ -: