ਮੱਧ ਪ੍ਰਦੇਸ਼ ਵਿੱਚ ਰਿਸ਼ਵਤਖੋਰੀ ਨਾਲ ਜੁੜਿਆ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਕਟਨੀ ਜ਼ਿਲੇ ‘ਚ ਰਿਸ਼ਵਤਖੋਰੀ ਦੀ ਸ਼ਿਕਾਇਤ ‘ਤੇ ਕਾਰਵਾਈ ਕਰਨ ਲਈ ਜਬਲਪੁਰ ਲੋਕਾਯੁਕਤ ਦੀ ਟੀਮ ਪਹੁੰਚੀ ਸੀ। ਲੋਕਾਯੁਕਤ ਨੂੰ ਸਾਹਮਣੇ ਦੇਖ ਕੇ ਪਟਵਾਰੀ ਨੇ ਇਕ-ਇਕ ਕਰਕੇ 500 ਰੁਪਏ ਦੇ ਨੌਂ ਨੋਟ ਨਿਗਲ ਲਏ। ਇਸ ਤੋਂ ਬਾਅਦ ਜਦੋਂ ਕਾਂਸਟੇਬਲ ਨੇ ਉਸ ਦੇ ਮੂੰਹ ਵਿੱਚ ਹੱਥ ਪਾ ਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਪੈਸੇ ਨਾ ਉਗਲੇ। ਲੋਕਾਯੁਕਤ ਦੀ ਟੀਮ ਪਟਵਾਰੀ ਨੂੰ ਹਸਪਤਾਲ ਲੈ ਗਈ ਹੈ।
ਮਾਮਲਾ ਕਟਨੀ ਜ਼ਿਲ੍ਹੇ ਦੇ ਬਿਲਹਾਰੀ ਦਾ ਹੈ। ਸ਼ਿਕਾਇਤਕਰਤਾ ਚੰਦਨ ਲੋਧੀ ਨੇ ਪਰਿਵਾਰਕ ਜ਼ਮੀਨ ਦੇ ਝਗੜੇ ਸਬੰਧੀ ਲੋਕ ਸੇਵਾ ਕੇਂਦਰ ਨੂੰ ਦਰਖਾਸਤ ਦਿੱਤੀ ਸੀ। ਪਟਵਾਰੀ ਗਜੇਂਦਰ ਸਿੰਘ ਨੇ ਸਰਕਾਰੀ ਦਸਤਾਵੇਜ਼ ਪੇਸ਼ ਕਰਨ ਦੇ ਨਾਂ ‘ਤੇ ਉਸ ਤੋਂ 5 ਹਜ਼ਾਰ ਦੀ ਰਿਸ਼ਵਤ ਦੀ ਮੰਗ ਕੀਤੀ। ਬਿਨੈਕਾਰ ਨੇ ਆਪਣੀ ਕਮਜ਼ੋਰ ਆਰਥਿਕ ਹਾਲਤ ਦਾ ਹਵਾਲਾ ਦੇ ਕੇ ਵਾਰ-ਵਾਰ ਉਸ ਨੂੰ ਬੇਨਤੀ ਕੀਤੀ ਪਰ ਪਟਵਾਰੀ ਨਹੀਂ ਮੰਨਿਆ। ਇਸ ਤੋਂ ਬਾਅਦ ਚੰਦਨ ਲੋਧੀ ਨੇ ਜਬਲਪੁਰ ਲੋਕਾਯੁਕਤ ਦਫ਼ਤਰ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ।
ਸੋਮਵਾਰ ਨੂੰ ਜਬਲਪੁਰ ਲੋਕਾਯੁਕਤ ਦੀ 7 ਮੈਂਬਰੀ ਟੀਮ ਸ਼ਿਕਾਇਤ ‘ਤੇ ਕਾਰਵਾਈ ਕਰਨ ਲਈ ਪਹੁੰਚੀ। ਟੀਮ ਨੇ ਰਿਸ਼ਵਤ ਲੈਣ ਵਾਲੇ ਪਟਵਾਰੀ ਗਜੇਂਦਰ ਸਿੰਘ ਨੂੰ 4.5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਚਲਾਕ ਪਟਵਾਰੀ ਨੇ ਮੌਕਾ ਦੇਖ ਕੇ ਰਿਸ਼ਵਤ ਵਿੱਚ ਮਿਲੇ ਨੋਟ ਖਾ ਲਏ। ਜਦੋਂ ਤੱਕ ਕੋਈ ਕੁਝ ਸਮਝਦਾ, ਉਦੋਂ ਤੱਕ ਪਟਵਾਰੀ ਪੈਸੇ ਹਜ਼ਮ ਕਰ ਚੁੱਕਾ ਸੀ।
ਇਹ ਵੀ ਪੜ੍ਹੋ : ਭਾਖੜਾ ਡੈਮ ‘ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 25 ਫੁੱਟ ਹੇਠਾਂ, ਦਹਿਸ਼ਤ ‘ਚ ਲੋਕ
ਘਟਨਾ ਤੋਂ ਹੈਰਾਨ ਲੋਕਾਯੁਕਤ ਦੀ ਟੀਮ ਤੁਰੰਤ ਪੁਲਿਸ ਦੇ ਨਾਲ ਪਟਵਾਰੀ ਨੂੰ ਜ਼ਿਲ੍ਹਾ ਹਸਪਤਾਲ ਲੈ ਗਈ। ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇੱਕ ਵੀ ਨੋਟ ਨਹੀਂ ਕੱਢਿਆ ਜਾ ਸਕਿਆ। ਹਾਲਾਂਕਿ ਟੀਮ ਕੋਲ ਵੌਇਸ ਰਿਕਾਰਡਿੰਗ ਤੋਂ ਹੋਰ ਸਬੂਤ ਹਨ, ਜਿਨ੍ਹਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮ ਗਜੇਂਦਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: