ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਭਾਰਤੀ ਮੂਲ ਦੇ ਹਨ ਤੇ ਹੁਣ ਲੰਦਨ ਨੂੰ ਮੇਅਰ ਵੀ ਭਾਰਤੀ ਮੂਲ ਦਾ ਮਿਲ ਸਕਦਾ ਹੈ। ਲੰਦਨ ਦੇ ਬਿਜ਼ਨੈੱਸਮੈਨ ਤਰੁਣ ਗੁਲਾਟੀ ਨੇ ਮਈ 2024 ਦੇ ਮੇਅਰ ਚੋਣਾਂ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਤਰੁਣ ਗੁਲਾਟੀ ਨੇ ਉਮੀਦ ਪ੍ਰਗਟਾਈ ਹੈ ਕਿ ਉਹ ਲੰਦਨ ਦੇ ਭਾਰਤੀ ਮੂਲ ਦੇ ਪਹਿਲੇ ਮੇਅਰ ਬਣ ਸਕਦੇ ਹਨ। ਤਰੁਣ ਗੁਲਾਟੀ ਬੀਤੇ ਮਹੀਨੇ ਆਪਣੀ ਜਨਮ ਭੂਮੀ ਭਾਰਤ ਆਏ ਸਨ ਤੇ ਇਥੇ ਹੀ ਉਨ੍ਹਾਂ ਨੇ ਮੇਅਰ ਅਹੁਦੇ ਦੀ ਦਾਅਵੇਦਾਰੀ ਦਾ ਐਲਾਨ ਕੀਤਾ ਸੀ।
ਤਰੁਣ ਗੁਲਾਟੀ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਲੰਦਨ ਦੁਨੀਆ ਦਾ ਚੋਟੀ ਦਾ ਵੈਸ਼ਵਿਕ ਸ਼ਹਿਰ ਬਣਿਆ ਰਹੇ ਤੇ ਲੋਕ ਇਥੇ ਸੁਰੱਖਿਅਤ ਤੇ ਮਜ਼ਬੂਤ ਮਹਿਸੂਸ ਕਰਨਗੇ। ਤਰੁਣ ਗੁਲਾਟੀ ਨੇ ਕਿਹਾ ਕਿ ਲੰਦਨ ਵਿਚ ਹੇਠਲੇ ਤੇ ਮੱਧਮ ਵਰਗ ਦੇ ਲੋਕਾਂ ਲਈ ਕੁਝ ਕੀਤੇ ਜਾਣ ਦੀ ਲੋੜ ਹੈ। ਗੁਲਾਟੀ ਨੇ ਉਮੀਦ ਪ੍ਰਗਟਾਈ ਕਿ ਉਹ ਜੋ ਵਿਚਾਰ ਪੇਸ਼ ਕਰਨਗੇ, ਉਸ ਨੂੰ ਵੋਟਰ ਪਸੰਦ ਕਰਨਗੇ। ਤਰੁਣ ਗੁਲਾਟੀ ਦਾ ਮੁਕਾਬਲਾ ਪਾਕਿਸਤਾਨੀ ਮੂਲ ਦੇ ਮੌਜੂਦਾ ਮੇਅਰ ਸਾਦਿਕ ਖਾਨ ਨਾਲ ਹੋਵੇਗਾ।
ਤਰੁਣ ਗੁਲਾਟੀ ਨੇ ਕਿਹਾ ਕਿ ਬਤੌਰ ਲੰਦਨ ਮੇਅਰ ਉਹ ਕੋਸ਼ਿਸ਼ ਕਰਨਗੇ ਕਿ ਉਹ ਵੱਖ-ਵੱਖ ਦੇਸ਼ਾਂ ਦੇ ਲੋਕ ਜੋ ਲੰਦਨ ਵਿਚ ਰਹਿ ਰਹੇ ਹਨ, ਉਨ੍ਹਾਂ ਵਿਚ ਇਕਜੁੱਟਤਾ ਹੋਵੇ ਤੇ ਲੋਕਾਂ ਦਾ ਲੋਕਾਂ ਨਾਲ ਸਬੰਧ ਹੋਵੇ। ਨਾਲ ਹੀ ਸਸਤੀ ਮਕਾਨ ਮੁਹੱਈਆ ਕਰਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਗੁਲਾਟੀ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਵਿਚ ਉਤਰਨ ਦਾ ਪਲਾਨ ਬਣਾ ਰਹੇ ਹਨ।
ਲੰਦਨ ਮੇਅਰ ਦੀਆਂ ਚੋਣਾਂ 2 ਮਈ 2024 ਨੂੰ ਹੋਣੀਆਂ ਹਨ। ਆਪਣੀ ਚੋਣ ਮੁਹਿੰਮ ਤਹਿਤ ਗੁਲਾਟੀ ਫਿਲਹਾਲ ਵਰਲਡ ਟੂਰ ‘ਤੇ ਹਨ।ਇਸ ਤਹਿਤ ਉਹ ਭਾਰਤ ਦੌਰੇ ‘ਤੇ ਆਏ ਤੇ ਇਥੇ ਹੈਦਰਾਬਾਦ ਵਿਚ ਭਗਵਾਨ ਬਾਲਾਜੀ ਚਿਲਕੁਰ ਮੰਦਰ ਵਿਚ ਦਰਸ਼ਨ ਦੇ ਬਾਅਦ ਕਿਹਾ ਕਿ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਲਈ ਹੈਦਰਾਬਾਦ ਤੋਂ ਬੇਹਤਰ ਜਗ੍ਹਾ ਨਹੀਂ ਹੋ ਸਕਦੀ।