ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਿਟਸਤਾਨ ਵਿਚ ਇਕ ਯਾਤਰੀ ਬੱਸ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 26 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਪੁਲਿਸ ਨੇ ਦੱਸਿਆ ਕਿ ਬੱਸ ਗਿਲਗਿਤ ਤੋਂ ਰਾਵਲਪਿੰਡੀ ਜਾ ਰਹੀ ਸੀ ਉਦੋਂ ਹੀ ਸਾਮ ਲਗਭਗ 6 ਵਜੇ ਅੱਤਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਦੱਸਿਆਕਿ ਹਮਲੇ ਦੇ ਬਾਅਦ ਚਾਲਕ ਨੇ ਕੰਟਰੋਲ ਗੁਆ ਦਿੱਤਾ ਤੇ ਬੱਸ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ।
ਚਿਲਾਸ ਦੇ ਡਿਪਟੀ ਕਮਿਸ਼ਨਰ ਆਰਿਫ ਅਹਿਮਦ ਨੇ ਕਿਹਾ ਕਿ ਹਮਲੇ ਵਿਚ ਮਾਰੇ ਗਏ 8 ਲੋਕਾਂ ਵਿਚੋਂ ਹੁਣ ਤੱਕ 5 ਦੀ ਪਛਾਣ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 26 ਹੋਰ ਜ਼ਖਮੀ ਹੋ ਗਏ ਹਨ ਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਬੱਸ ਵਿਚ ਸਵਾਰ ਫੌਜ ਦੇ 2 ਜਵਾਨ ਵੀ ਮ੍ਰਿਤਕਾਂ ਵਿਚ ਸ਼ਾਮਲ ਹਨ। ਅੱਤਵਾਦੀ ਹਮਲੇ ਵਿਚ ਸਪੈਸ਼ਲ ਸਕਿਓਰਿਟੀ ਯੂਨਿਟ ਦਾ ਇਕ ਸੁਰੱਖਿਆ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਕੋਹਿਸਤਾਨ, ਪੇਸ਼ਾਵਰ, ਘੀਜਰ, ਚਿਲਾਸ, ਰਾਊਂਡੂ, ਸਕਦਰੂ, ਮਨਸੇਹਰਾ ਤੇ ਸਵਾਬੀ ਖੇਤਰਾਂ ਦੇ ਸਨ ਤੇ ਇਕ ਜਾਂ 2 ਲੋਕ ਸਿੰਧ ਤੋਂ ਸਨ। ਹਮਲੇ ਦੇ ਬਾਅਦ ਹਮਲਾਵਰ ਮੌਕੇ ਤੋਂ ਭੱਜਣ ਵਿਚ ਸਫਲ ਰਹੇ। ਜ਼ਖਮੀਆਂ ਵਿਚ ਕਈ ਦੀ ਹਾਲਤ ਗੰਭੀਰ ਹੈ ਤੇ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ : ਜੇਲ੍ਹ ਤੋਂ ਬਾਹਰ ਆਇਆ ਜਗਤਾਰ ਸਿੰਘ ਤਾਰਾ, ਭਤੀਜੀ ਦੇ ਵਿਆਹ ਲਈ ਮਿਲੀ 2 ਘੰਟੇ ਦੀ ਪੈਰੋਲ
ਪੁਲਿਸ ਨੇ ਕਿਹਾ ਕਿ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਤੇ ਇਸ ਖੇਤਰ ਵਿਚ ਅੱਤਵਾਦੀਆਂ ਵੱਲੋਂ ਅੱਤਵਾਦੀ ਹਮਲੇ ਦੀਆਂ ਪਹਿਲਾਂ ਵੀ ਕਈ ਘਟਨਾਵਾਂ ਹੋ ਚੁੱਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ : –