ਜਾਪਾਨ ਏਅਰਪੋਰਟ ‘ਤੇ ਫਿਰ ਤੋਂ ਹਾਦਸਾ ਵਾਪਰਿਆ ਹੈ। ਜਾਪਾਨ ਦੇ ਉੱਤਰੀ ਦੀਪ ਹੋਕਾਈਡੋ ਦੇ ਨਿਊ ਚਿਟੋਜ਼ ਹਵਾਈ ਅੱਡੇ ‘ਤੇ ਕੋਰੀਅਨ ਏਅਰਲਾਈਨਜ਼ ਦੀ ਇਕ ਫਲਾਈਟ ਕੈਥੇ ਪੈਸੀਫਿਕ ਏਅਰਵੇਜ਼ ਦੀ ਫਲਾਈਟ ਨਾਲ ਟਕਰਾ ਗਈ। ਇਸ ਹਾਦਸੇ ‘ਚ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਹਵਾਈ ਅੱਡੇ ਤੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਕੋਰੀਅਨ ਏਅਰਲਾਈਨਸ ਦੇ ਅਧਿਕਾਰੀ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੋਰੀਅਨ ਏਅਰ ਦੀ ਫਲਾਈਟ ਟੇਕਆਫ ਕਰਨ ਦੀ ਤਿਆਰੀ ਵਿਚ ਸੀ। ਰਿਪੋਰਟ ਮੁਤਾਬਕ ਫਲਾਈਟ ਵਿਚ 289 ਯਾਤਰੀ ਤੇ ਕਰੂਅ ਮੈਂਬਰ ਸਵਾਰ ਸਨ। ਦੂਜੇ ਪਾਸੇ ਕੈਥੇ ਪੈਸੀਫਿਕ ਫਲਾਈਟ ਵਿਚ ਯਾਤਰੀ ਸਨ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਘਟਨਾ ਉਦੋਂ ਵਾਪਰੀ ਜਦੋਂ ਇਕ ਟੋਇੰਗ ਕਾਰ, ਕੋਰੀਆਈ ਏਅਰਲਾਈਨਸ ਦੇ ਫਲਾਈਟ ਨੂੰ ਪਿੱਛੇ ਧੱਕ ਰਹੀ ਸੀ। ਜ਼ਮੀਨ ‘ਤੇ ਬਰਫ ਕਾਰਨ ਫਲਾਈਟ ਫਿਸਲ ਗਈ ਤੇ ਖੱਬਾ ਪੰਖ ਕੈਥੇ ਪੈਸੀਫਿਕ ਫਲਾਈਟ ਦੇ ਸੱਜੇ ਪਿਛਲੇ ਪੰਖ ਨਾਲ ਟਕਰਾ ਗਿਆ। ਏਅਰਲਾਈਨ ਅਧਿਕਾਰੀ ਨੇ ਕਿਹਾ ਕਿ ਕੋਰੀਅਨ ਏਅਰਲਾਈਨਸ ਨੇ ਸ਼ੁਰੂਆਤੀ ਜਾਂਚ ਵਿਚ ਇਸ ਦਾ ਕਾਰਨ ਇਕ ਗਰਾਊਂਡ ਹੈਂਡਲਰ ਨੂੰ ਦੱਸਿਆ ਜੋ ਭਾਰੀ ਬਰਫ ਵਿਚ ਹਵਾਈ ਜਹਾਜ਼ ਨੂੰ ਖਿੱਚ ਰਿਹਾ ਸੀ।
ਇਹ ਵੀ ਪੜ੍ਹੋ : ਮਾਨਸਾ ‘ਚ 2 ਕਿਲੋ 800 ਗ੍ਰਾਮ ਅਫੀਮ ਸਣੇ 4 ਨਸ਼ਾ ਤਸਕਰ ਗ੍ਰਿਫਤਾਰ, ਬਰਾਮਦ ਹੋਈਆਂ 1540 ਨਸ਼ੀਲੀਆਂ ਗੋਲੀ.ਆਂ
ਦੱਸ ਦੇਈਏ ਕਿ ਜਾਪਾਨ ਏਅਰਪੋਰਟ ‘ਤੇ ਬੀਤੇ 15 ਦਿਨਾਂ ਵਿਚ ਇਹ ਦੂਜਾ ਹਾਦਸਾ ਵਾਪਰਿਆ ਹੈ। ਇਸਤੋਂ ਪਹਿਲਾਂ ਜਾਪਾਨ ਏਅਰਲਾਈਨਸ (JAL) ਏਅਰਬੱਸ A350 ਦੇ ਹਨੇਡਾ ਹਵਾਈ ਅੱਡੇ ‘ਤੇ ਲੈਂਡ ਕਰਨ ਦੇ ਤੁਰੰਤ ਬਾਅਦ ਡੀ ਹੈਵਿਲੈਂਡ ਡੈਸ਼-8 ਕੋਸਟ ਗਾਰਡ ਟਰਬੋਪ੍ਰਾਪ ਨਾਲ ਟਕਰਾ ਗਈ ਸੀ। ਜਹਾਜ਼ ਵਿਚ ਭਿਆਨਕ ਅੱਗ ਲੱਗ ਗਈ ਸੀ ਤੇ ਹਾਦਸੇ ਵਿਚ ਕੁਝ ਲੋਕ ਵੀ ਮਾਰੇ ਗਏ ਸਨ।