ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਦੋ ਦਿਨਾਂ ਦੌਰੇ ‘ਤੇ ਹਨ, ਜਿੱਥੇ ਅੱਜ ਉਹ ਸੂਬੇ ਅਤੇ ਦੇਸ਼ ਨੂੰ ਕਈ ਪ੍ਰਾਜੈਕਟਾਂ ਦਾ ਤੋਹਫਾ ਦੇਣ ਜਾ ਰਹੇ ਹਨ। ਇਸ ਦੌਰੇ ਦਾ ਉਦੇਸ਼ ਦੇਸ਼ ਭਰ ਵਿੱਚ ਸਿਹਤ, ਬੁਨਿਆਦੀ ਢਾਂਚਾ, ਊਰਜਾ ਅਤੇ ਸੈਰ ਸਪਾਟੇ ਦੇ ਖੇਤਰਾਂ ਵਿੱਚ 52,250 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਾ ਹੈ।
ਪ੍ਰਧਾਨ ਮੰਤਰੀ ਅੱਜ ਰਾਜਕੋਟ (ਗੁਜਰਾਤ), ਬਠਿੰਡਾ (ਪੰਜਾਬ), ਰਾਏਬਰੇਲੀ (ਉੱਤਰ ਪ੍ਰਦੇਸ਼), ਕਲਿਆਣੀ (ਪੱਛਮੀ ਬੰਗਾਲ) ਅਤੇ ਮੰਗਲਾਗਿਰੀ (ਆਂਧਰਾ ਪ੍ਰਦੇਸ਼) ਵਿੱਚ ਸਥਿਤ ਪੰਜ ਨਵੇਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦਾ ਉਦਘਾਟਨ ਕਰਨਗੇ। ਇਹ ਸਮਾਗਮ ਰਾਜਕੋਟ ਵਿੱਚ ਹੋਵੇਗਾ ਜਦਕਿ ਉਹ ਹੋਰ ਥਾਵਾਂ ਤੋਂ ਵੀ ਸ਼ਾਮਲ ਹੋਣਗੇ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਓਖਾ ਮੁੱਖ ਭੂਮੀ ਨੂੰ ਬੇਤ ਦਵਾਰਕਾ ਟਾਪੂ ਨਾਲ ਜੋੜਨ ਵਾਲੇ ਪੁਲ ‘ਸੁਦਰਸ਼ਨ ਸੇਤੂ’ ਦਾ ਉਦਘਾਟਨ ਵੀ ਕਰਨਗੇ। ਲਗਭਗ 980 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ 2.32 ਕਿਲੋਮੀਟਰ ਲੰਬਾ ਕੇਬਲ-ਸਟੇਡ ਪੁਲ ਦੇਸ਼ ਦਾ ਸਭ ਤੋਂ ਲੰਬਾ ਹੈ। ਖਾਸ ਤੌਰ ‘ਤੇ ਪੁਲ ‘ਤੇ ਭਗਵਦ ਗੀਤਾ ਦੇ ਸ਼ਲੋਕਾਂ ਅਤੇ ਭਗਵਾਨ ਕ੍ਰਿਸ਼ਨ ਦੇ ਚਿੱਤਰਾਂ ਨਾਲ ਸਜਾਇਆ ਗਿਆ ਵਾਕਵੇਅ ਹੈ, ਨਾਲ ਹੀ ਸੋਲਰ ਪੈਨਲ ਵੀ ਹਨ ਜੋ ਇਕ ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ।
ਇਹ ਵੀ ਪੜ੍ਹੋ : ਗੁਰਦਾਸਪੁਰ : ਛੁੱਟੀ ‘ਤੇ ਆਏ ਫੌਜੀ ਦੀ ਸੜਕ ਹਾਦਸੇ ‘ਚ ਮੌ.ਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਪ੍ਰਧਾਨ ਮੰਤਰੀ ਦੇ ਦੌਰੇ ਵਿੱਚ ਸੈਕਟਰ ਦੀ ਸਮਰੱਥਾ ਨੂੰ ਹੁਲਾਰਾ ਦੇਣ ਲਈ ਕਈ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਾ ਵੀ ਸ਼ਾਮਲ ਹੈ। ਇਸ ਵਿੱਚ 300 ਮੈਗਾਵਾਟ ਭੁਜ-2 ਸੋਲਰ ਪਾਵਰ ਪ੍ਰਾਜੈਕਟ, 600 ਮੈਗਾਵਾਟ ਗਰਿੱਡ ਨਾਲ ਜੁੜਿਆ ਸੋਲਰ ਪੀਵੀ ਪਾਵਰ ਪ੍ਰਾਜੈਕਟ, ਖਾਵੜਾ ਸੋਲਰ ਪਾਵਰ ਪ੍ਰਾਜੈਕਟ ਅਤੇ 200 ਮੈਗਾਵਾਟ ਦਯਾਪੁਰ-ਆਈਐਲ ਵਿੰਡ ਪਾਵਰ ਪ੍ਰੋਜੈਕਟ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੋਦੀ 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 11,500 ਕਰੋੜ ਰੁਪਏ ਤੋਂ ਵੱਧ ਦੇ 200 ਸਿਹਤ ਦੇਖਭਾਲ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਉਹ 9,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਨਵੀਂ ਮੁੰਦਰਾ-ਪਾਣੀਪਤ ਪਾਈਪਲਾਈਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ।