ਹਿਮਾਚਲ ਪ੍ਰਦੇਸ਼ ਵਿੱਚ ਰਣਨੀਤਕ ਅਤੇ ਸੈਰ-ਸਪਾਟੇ ਦੇ ਨਜ਼ਰੀਏ ਤੋਂ ਮਹੱਤਵਪੂਰਨ ਕੀਰਤਪੁਰ-ਮਨਾਲੀ ਫੋਰ ਲੇਨ ਦਾ ਕੰਮ ਮੰਡੀ ਦੇ ਸੁੰਦਰਨਗਰ ਦੇ ਪੁੰਗ ਤੱਕ ਪੂਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਤੋਂ ਵਰਚੁਅਲ ਤੌਰ ‘ਤੇ ਸ਼ਾਮਲ ਹੋ ਕੇ ਇਸ ਦਾ ਉਦਘਾਟਨ ਕਰਨਗੇ। ਇਸ ਚਹੁੰ ਮਾਰਗੀ ਬਣਨ ਨਾਲ ਕੀਰਤਪੁਰ ਤੋਂ ਪੁੰਗ ਤੱਕ ਦੀ ਦੂਰੀ 37 ਕਿਲੋਮੀਟਰ ਘੱਟ ਗਈ ਹੈ।
ਪਹਿਲਾਂ ਪੰਜਾਬ ਦੇ ਕੀਰਤਪੁਰ ਤੋਂ ਪੁੰਗ ਤੱਕ ਕੌਮੀ ਮਾਰਗ ਦੀ ਲੰਬਾਈ 106 ਕਿਲੋਮੀਟਰ ਸੀ, ਜੋ ਹੁਣ ਘਟ ਕੇ 69 ਕਿਲੋਮੀਟਰ ਰਹਿ ਗਈ ਹੈ। ਇਸ ਨਾਲ ਯਾਤਰੀਆਂ ਦਾ ਇੱਕ ਘੰਟੇ ਦਾ ਸਮਾਂ ਬਚੇਗਾ।ਹਾਲਾਂਕਿ, ਪੁੰਗ ਤੱਕ ਇਸ ਚਾਰ ਮਾਰਗੀ ਹਿੱਸੇ ਨੂੰ ਟਰਾਇਲ ਤੋਂ ਬਾਅਦ 6 ਅਗਸਤ 2023 ਨੂੰ ਵਾਹਨਾਂ ਲਈ ਖੋਲ੍ਹਿਆ ਗਿਆ ਹੈ। ਅੱਜ ਇਸ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਚਾਰ ਮਾਰਗੀ ਦੇ ਪਹਿਲੇ ਪੜਾਅ ਦੇ ਉਦਘਾਟਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪਿਛਲੇ ਸਾਲ ਵੀ ਜੁਲਾਈ ਮਹੀਨੇ ਵਿੱਚ ਪੀਐਮ ਮੋਦੀ ਦੁਆਰਾ ਚਾਰ ਮਾਰਗੀ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਪਰ ਫਿਰ ਭਾਰੀ ਮੀਂਹ ਕਾਰਨ ਇਹ ਚਾਰ ਮਾਰਗੀ ਨੁਕਸਾਨਿਆ ਗਿਆ। ਇਸ ਕਾਰਨ ਉਦਘਾਟਨ ਮੁਲਤਵੀ ਹੋ ਗਿਆ। ਪਹਿਲੇ ਪੜਾਅ ਵਿੱਚ ਇਸ ਚਾਰ ਮਾਰਗੀ ਬਣਾਉਣ ਲਈ 4,759 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਨੂੰ ਬਣਾਉਣ ਵਿਚ ਚਾਰ ਸਾਲ ਲੱਗ ਗਏ। ਕੀਰਤਪੁਰ ਤੋਂ ਪੁੰਗ ਤੱਕ ਦੀ ਦੂਰੀ 37 ਕਿਲੋਮੀਟਰ ਘੱਟ ਗਈ ਹੈ, ਜਦਕਿ ਮਨਾਲੀ ਤੱਕ ਦੂਜੇ ਪੜਾਅ ਦੇ ਮੁਕੰਮਲ ਹੋਣ ਤੋਂ ਬਾਅਦ ਇਹ ਦੂਰੀ 47 ਕਿਲੋਮੀਟਰ ਘੱਟ ਜਾਵੇਗੀ। ਕੀਰਤਪੁਰ ਤੋਂ ਮਨਾਲੀ ਦੀ ਦੂਰੀ ਫਿਲਹਾਲ 237 ਕਿਲੋਮੀਟਰ ਹੈ, ਜੋ ਚਾਰ ਮਾਰਗੀ ਕੰਮ ਦੇ ਮੁਕੰਮਲ ਹੋਣ ਤੋਂ ਬਾਅਦ ਘੱਟ ਕੇ 190 ਕਿਲੋਮੀਟਰ ਰਹਿ ਜਾਵੇਗੀ।
ਇਸ ਨਾਲ ਸਥਾਨਕ ਲੋਕਾਂ ਦੇ ਨਾਲ-ਨਾਲ ਦਿੱਲੀ, ਚੰਡੀਗੜ੍ਹ, ਪੰਜਾਬ, ਹਰਿਆਣਾ ਤੋਂ ਮਨਾਲੀ, ਲਾਹੌਲ ਸਪਿਤੀ ਅਤੇ ਲੇਹ-ਲਦਾਖ ਆਉਣ ਵਾਲੇ ਸੈਲਾਨੀਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ। ਮਨਾਲੀ ਤੱਕ 2 ਘੰਟੇ ਦੀ ਬੱਚਤ ਹੋਵੇਗੀ। NHAI ਨੇ ਇਸ ਚਾਰ ਮਾਰਗੀ ‘ਤੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਸੀਮਾ ਤੈਅ ਕੀਤੀ ਹੈ। ਜ਼ਿਆਦਾ ਰਫ਼ਤਾਰ ਹੋਣ ਦੀ ਸੂਰਤ ਵਿੱਚ ਚਾਰ ਮਾਰਗੀ ‘ਤੇ ਲੱਗੇ ਕੈਮਰਿਆਂ ਰਾਹੀਂ ਚਲਾਨ ਆਪਣੇ ਆਪ ਜਾਰੀ ਹੋ ਜਾਂਦਾ ਹੈ। ਇਸ ਫੋਰ ਲੇਨ ‘ਤੇ ਗਰਾਮੌਰਾ ਅਤੇ ਬਲੋਹ ਟੋਲ ਪਲਾਜ਼ਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਕੀਰਤਪੁਰ ਤੋਂ ਪੁੰਗ ਤੱਕ 5 ਸੁਰੰਗਾਂ ਬਣਾਈਆਂ ਗਈਆਂ ਹਨ। NHAI ਨੇ ਪਹਿਲਾਂ ਜੂਨ 2024 ਤੱਕ ਮਨਾਲੀ ਤੱਕ ਚਾਰ ਮਾਰਗੀ ਕੰਮ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਸੀ। ਪਰ ਪਿਛਲੇ ਸਾਲ ਭਾਰੀ ਮੀਂਹ ਕਾਰਨ ਹੋਈ ਤਬਾਹੀ ਕਾਰਨ ਕਈ ਥਾਵਾਂ ’ਤੇ ਚਹੁੰਮਾਰਗੀ ਦੇ ਸਾਰੇ ਨਿਸ਼ਾਨ ਮਿਟ ਗਏ ਹਨ। ਹਾਲਾਤ ਇਹ ਹਨ ਕਿ ਕਈ ਥਾਵਾਂ ‘ਤੇ ਨਵੀਆਂ ਸੜਕਾਂ ਬਣਾਉਣੀਆਂ ਪਈਆਂ ਹਨ। ਜਿੱਥੇ ਭਵਿੱਖ ਵਿੱਚ ਭਾਰੀ ਬਰਸਾਤ ਅਤੇ ਬਿਆਸ ਦੇ ਪਾਣੀ ਕਾਰਨ ਸੜਕ ਦੇ ਨੁਕਸਾਨ ਹੋਣ ਦਾ ਡਰ ਹੈ, ਉੱਥੇ ਸੁਰੰਗ ਦਾ ਬਦਲ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਸ਼ਿਮਲਾ-ਮਟੋਰ ਗਲਿਆਰੇ ‘ਤੇ ਹਮੀਰਪੁਰ ‘ਚ ਦੋ ਮਾਰਗੀ ਹਮੀਰਪੁਰ ਬਾਈਪਾਸ ਦਾ ਨੀਂਹ ਪੱਥਰ ਰੱਖਣਗੇ।
ਵੀਡੀਓ ਲਈ ਕਲਿੱਕ ਕਰੋ -: