ਕੰਗਨਾ ਰਣੌਤ ਨੇ ਲੋਕ ਸਭਾ ਟਿਕਟ ਮਿਲਣ ‘ਤੇ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ । ਕੰਗਨਾ ਨੇ ਕਿਹਾ ਕਿ ਉਸ ਨੇ ਹਮੇਸ਼ਾ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕੀਤਾ, ਹੁਣ ਪਾਰਟੀ ਨੇ ਉਸ ਨੂੰ ਚੋਣ ਲੜਨ ਦਾ ਮੌਕਾ ਦਿੱਤਾ ਹੈ। ਅਜਿਹੇ ਵਿੱਚ ਉਹ ਪੂਰੀ ਲਗਨ ਨਾਲ ਕੰਮ ਕਰਨ ਲਈ ਤਿਆਰ ਹੈ। ਦੱਸ ਦੇਈਏ ਕਿ ਐਤਵਾਰ ਨੂੰ ਭਾਜਪਾ ਨੇ ਲੋਕ ਸਭਾ ਚੋਣਾਂ ਲਈ ਆਪਣੀ ਪੰਜਵੀਂ ਸੂਚੀ ਜਾਰੀ ਕੀਤੀ ਹੈ । ਪਾਰਟੀ ਨੇ ਕੰਗਨਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਮੇਰਠ ਲੋਕ ਸਭਾ ਸੀਟ ਤੋਂ ਅਦਾਕਾਰ ਅਰੁਣ ਗੋਵਿਲ ਨੂੰ ਟਿਕਟ ਦਿੱਤੀ ਗਈ ਹੈ। ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਅਰੁਣ ਗੋਵਿਲ ਨੇ ਰਾਮ ਦਾ ਕਿਰਦਾਰ ਨਿਭਾਇਆ ਸੀ।
ਕੰਗਨਾ ਨੇ ਟਿਕਟ ਮਿਲਣ ਤੋਂ ਬਾਅਦ ਖੁਸ਼ੀ ਜ਼ਾਹਿਰ ਕਰਦਿਆਂ ਲਿਖਿਆ,”ਮੇਰੇ ਪਿਆਰੇ ਭਾਰਤ ਅਤੇ ਆਮ ਭਾਰਤੀਆਂ ਦੀ ਪਾਰਟੀ, ਭਾਰਤੀ ਜਨਤਾ ਪਾਰਟੀ (BJP) ਨੂੰ ਮੈਂ ਹਮੇਸ਼ਾ ਬਿਨ੍ਹਾਂ ਕਿਸੇ ਸ਼ਰਤ ਦੇ ਸਮਰਥਨ ਦਿੱਤਾ ਹੈ । ਅੱਜ ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਮੈਨੂੰ ਮੇਰੀ ਜਨਮ ਭੂਮੀ ਮੰਡੀ ਤੋਂ ਲੋਕ ਸਭਾ ਉਮੀਦਵਾਰ ਐਲਾਨ ਦਿੱਤਾ ਹੈ । ਮੈਂ ਹਾਈ ਕਮਾਨ ਦੇ ਇਸ ਫੈਸਲੇ ਦੀ ਪਾਲਣਾ ਕਰਾਂਗੀ । ਮੈਂ ਅਧਿਕਾਰਤ ਤੌਰ ‘ਤੇ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਸਨਮਾਨਿਤ ਅਤੇ ਉਤਸ਼ਾਹਿਤ ਹਾਂ । ਮੈਂ ਇੱਕ ਕਾਬਲ ਵਰਕਰ ਅਤੇ ਜਨਤਾ ਦੀ ਪ੍ਰਤੀਨਿਧੀ ਬਣਨ ਦੀ ਕੋਸ਼ਿਸ਼ ਕਰਾਂਗੀ ।
ਦੱਸ ਦੇਈਏ ਕਿ ਕੰਗਨਾ ਰਣੌਤ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪਿੰਡ ਭਾਂਬਲਾ ਦੀ ਰਹਿਣ ਵਾਲੀ ਹੈ। ਉਸ ਨੇ ਕੁੱਲੂ ਦੇ ਮਨਾਲੀ ਜ਼ਿਲ੍ਹੇ ਵਿੱਚ ਇੱਕ ਘਰ ਵੀ ਬਣਾਇਆ ਹੋਇਆ ਹੈ। ਮੰਡੀ ਲੋਕ ਸਭਾ ਸੀਟ ਮੰਡੀ ਜ਼ਿਲ੍ਹੇ ਦੇ 10 ਵਿਧਾਨ ਸਭਾ ਹਲਕਿਆਂ ਵਿੱਚੋਂ 9 ਅਤੇ ਕੁੱਲੂ ਜ਼ਿਲ੍ਹੇ ਦੇ ਸਾਰੇ 4 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦੀ ਹੈ। ਇਹੀ ਕਾਰਨ ਹੈ ਕਿ ਦੋਵਾਂ ਥਾਵਾਂ ‘ਤੇ ਕੰਗਨਾ ਦੇ ਸਬੰਧਾਂ ਨੂੰ ਦੇਖਦੇ ਹੋਏ ਭਾਜਪਾ ਵੱਲੋਂ ਉਸਨੂੰ ਇੱਥੋਂ ਟਿਕਟ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: