ਲੋਕ ਸਭਾ ਚੋਣਾਂ ਨੂੰ ਕੁਝ ਸਮਾਂ ਹੀ ਬਾਕੀ ਬਚਿਆ ਹੈ। ਕਾਂਗਰਸ ਵੱਲੋਂ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅਜਿਹੇ ਵਿਚ ਕਿਆਸ ਲਗਾਏ ਜਾ ਰਹੇ ਹਨ ਕਿ ਕਾਂਗਰਸ ਪਾਰਟੀ ਵੱਲੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਟਿਕਟ ਮਿਲ ਸਕਦੀ ਹੈ। ਮੂਸੇਵਾਲਾ ਦੇ ਪਿਤਾ ਵੱਲੋਂ ਚੋਣ ਲੜਨ ਦੇ ਬਿਆਨ ‘ਤੇ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਬਲਕੌਰ ਸਿੰਘ ਸਾਡੇ ਪਰਿਵਾਰ ਦਾ ਹਿੱਸਾ ਹਨ। ਉਹ ਸਿਰਫ ਕਾਂਗਰਸ ਨਹੀਂ ਸਗੋਂ ਪੰਜਾਬ ਦੇ ਹਰ ਇਕ ਯੁਵਾ ਦੇ ਹਰਮਨ ਪਿਆਰੇ ਹਨ। ਪਰ ਉਨ੍ਹਾਂ ਨੇ ਚੋਣ ਲੜਨੀ ਹੈ ਜਾਂ ਨਹੀਂ,ਇਹ ਬਲਕੌਰ ਸਿੰਘ ਦਾ ਨਿੱਜੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਬਲਕੌਰ ਸਿੰਘ ਦੀ ਇਕ ਮੰਗ ਹੈ ਕਿ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਇਹ ਗੱਲ ਬਲਕੌਰ ਸਿੰਘ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸ ਵਿਚ ਉਨ੍ਹਾਂ ਦੀ ਮਦਦ ਕਿਹੜੀ ਪਾਰਟੀ ਕਰ ਰਹੀ ਹੈ।
ਕਾਂਗਰਸ ਵੱਲੋਂ ਟਿਕਟ ਐਲਾਨੇ ਜਾਣ ਬਾਰੇ ਪੁੱਛੇ ਸਵਾਲ ‘ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਇਸੇ ਹਫਤੇ ਕਾਂਗਰਸ ਵੱਲੋਂ ਟਿਕਟਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਕਾਂਗਰਸ ਪਾਰਟੀ ਛੱਡ ਕੇ ਗਏ ਉਮੀਦਵਾਰਾਂ ‘ਤੇ ਵੀ ਰਾਜਾ ਵੜਿੰਗ ਨੇ ਤੰਜ ਕੱਸਿਆ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀ ਕੀਮਤ ‘ਚ ਰਿਕਾਰਡ ਤੋੜ ਵਾਧਾ, ਪਹਿਲੀ ਵਾਰ ਸੋਨੇ ਦੀ ਕੀਮਤ ਹੋਈ 71,000 ਰੁਪਏ ਤੋਂ ਪਾਰ
ਚਰਨਜੀਤ ਸਿੰਘ ਚੰਨੀ ਦੇ ਅਯੁੱਧਿਆ ਜਾਣ ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਇਹ ਵੀ ਉਨ੍ਹਾਂ ਦਾ ਆਪਣਾ ਨਿੱਜੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਰਾਮ ਜੀ ਦੇ ਭਗਤ ਹਾਂ ਪਰ ਅਯੁੱਧਿਆ ਜਾਣ ਨਾਲ ਅਸੀਂ ਜ਼ਿਆਦਾ ਭਗਤ ਨਹੀਂ ਹੋ ਜਾਵਾਂਗੇ। ਅਸੀਂ ਹਰ ਧਰਮ ਦੀ ਕਦਰ ਕਰਦੇ ਹਾਂ ਸਾਰੇ ਧਰਮ ਸਾਡੇ ਦਿਲ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ -: