ਲੋਕ ਸਭਾ ਚੋਣਾਂ 2024 ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਸਾਰੀਆਂ ਪਾਰਟੀਆਂ ਨੇ ਲੱਕ ਬੰਨ੍ਹ ਲਿਆ ਹੈ ਅਤੇ ਚੋਣ ਮੈਦਾਨ ਵਿੱਚ ਨਿੱਤਰੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਨੂੰ ਲੋਕ ਸਭਾ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ। ਅੱਜ ਯਾਨੀ 14 ਅਪ੍ਰੈਲ ਨੂੰ ਉਹ ਚੋਣਾਂ ਲਈ ਥੋੜ੍ਹੀ ਦੇਰ ਵਿਚ ਮੈਨੀਫੈਸਟੋ ਜਾਰੀ ਕਰੇਗੀ। ਇਸ ਦੇ ਲਈ ਪੀ.ਐੱਮ. ਮੋਦੀ ਵੀ ਭਾਜਪਾ ਦੇ ਦਫਤਰ ਵਿਚ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਅਮਿਤ ਸ਼ਾਹ, ਜੇਪੀ ਨੱਡਾ, ਰਾਜਨਾਥ ਸਿੰਘ ਸਣੇ ਕਈ ਘਾਗ ਨੇਤਾ ਦਫਤਰ ਵਿਚ ਮੌਜੂਦ ਹਨ।
ਇਸ ਦਾ ਖਰੜਾ ਤਿਆਰ ਕਰਨ ਲਈ ਪਾਰਟੀ ਨੇ ਹਾਲ ਹੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਕਈ ਮੀਟਿੰਗਾਂ ਤੋਂ ਬਾਅਦ ਸੰਕਲਪ ਪੱਤਰ ਨੂੰ ਅੰਤਿਮ ਰੂਪ ਦਿੱਤਾ ਹੈ। ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਮਨ, ਪੀਯੂਸ਼ ਗੋਇਲ, ਸਮ੍ਰਿਤੀ ਇਰਾਨੀ, ਧਰਮਿੰਦਰ ਪ੍ਰਧਾਨ, ਅਸ਼ਵਨੀ ਵੈਸ਼ਨਵ, ਕਿਰਨ ਰਿਜਿਜੂ ਅਤੇ ਅਰਜੁਨਰਾਮ ਮੇਘਵਾਲ ਤੋਂ ਇਲਾਵਾ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰਭਾਈ ਪਟੇਲ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ. ਸ਼ੰਕਰ ਪ੍ਰਸਾਦ ਇਸ ਕਮੇਟੀ ਦੇ ਮੈਂਬਰ ਹਨ। ਨਿਰਮਲਾ ਸੀਤਾਰਮਨ ਇਸ ਕਮੇਟੀ ਦੀ ਕਨਵੀਨਰ ਹਨ।
ਸੂਤਰਾਂ ਮੁਤਾਬਕ ਭਾਜਪਾ ਨੂੰ ਚੋਣ ਮਨੋਰਥ ਪੱਤਰ ਲਈ ਲੋਕਾਂ ਤੋਂ ਕਰੀਬ ਪੰਜ ਲੱਖ ਸੁਝਾਅ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਰੰਟੀ, 2047 ਤੱਕ ਵਿਕਸਿਤ ਭਾਰਤ ਵਰਗੇ ਮਹੱਤਵਪੂਰਨ ਨੁਕਤਿਆਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਦਾ ਇਹ ਚੋਣ ਮਨੋਰਥ ਪੱਤਰ ਮੋਦੀ ਸਰਕਾਰ ਦੀਆਂ ਨੀਤੀਆਂ, ਉਦੇਸ਼ਾਂ ਅਤੇ ਭਵਿੱਖੀ ਪ੍ਰੋਗਰਾਮਾਂ ਦਾ ਵਿਆਪਕ ਦਸਤਾਵੇਜ਼ ਹੋਵੇਗਾ।
ਭਾਜਪਾ ਦਾ ਚੋਣ ਮਨੋਰਥ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਕਸਿਤ ਭਾਰਤ’ ਏਜੰਡੇ ‘ਤੇ ਕੇਂਦਰਿਤ ਹੋਣ ਦੀ ਉਮੀਦ ਹੈ। PM ਮੋਦੀ ਨੇ ਗਰੀਬਾਂ, ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਲਈ ਆਪਣੀ ਸਰਕਾਰ ਦੀ ਤਰਜੀਹ ਨੂੰ ਲਗਾਤਾਰ ਰੇਖਾਂਕਿਤ ਕੀਤਾ ਹੈ। ਸੱਤਾਧਾਰੀ ਭਾਜਪਾ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਨ੍ਹਾਂ ਨਾਲ ਜੁੜੇ ਮੁੱਦਿਆਂ ਨੂੰ ਪ੍ਰਮੁੱਖਤਾ ਦੇ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: