ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਬਹੁਤ ਚੌਕਸ ਹੈ। ਪੁਲਿਸ ਵੱਲੋਂ ਚੱਪ-ਚੱਪੇ ‘ਤੇ ਨਿਗਰਾਨੀ ਰੱਖੀ ਗਈ ਹੈ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਨਾਲ ਹੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਮਾਲੇਰਕੋਟਲਾ ਪੁਲਿਸ ਵੱਲੋਂ ਲੱਖਾਂ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ ਗਈ ਹੈ ਤੇ ਨਾਲ ਹੀ ਅਫੀਮ ਵੀ ਬਰਾਮਦ ਕੀਤੀ ਗਈ ਹੈ। ਇਹ ਅਫੀਮ ਮੁਲਜ਼ਮ ਮੱਧ ਪ੍ਰਦੇਸ਼ ਤੋਂ ਪੰਜਾਬ ਵਿਚ ਟਰੱਕ ਭਰ ਕੇ ਲਿਆ ਰਹੇ ਸੀ। ਪੁਲਿਸ ਨੇ 20 ਕਿਲੋ ਅਫੀਮ ਫੜੀ ਹੈ।
ਐੱਸਐੱਸਪੀ ਮਾਲਰੇਕਟੋਲਾ ਡਾ. ਸਿਮਰਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸੀਆਈਏ ਮਾਲਰੇਕੋਟਲਾ ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਸਾਂਝੇ ਤੌਰ ‘ਤੇ ਇਹ ਕਾਮਯਾਬੀ ਹਾਸਲ ਕੀਤੀ ਗਈ ਹੈ। ਲੋਕ ਸਭਾ ਚੋਣਾਂ ਵਿਚ ਅਜਿਹੇ ਨਸ਼ੇ ਵੰਡਿਆ ਜਾਣਾ ਬਹੁਤ ਹੀ ਮੰਦਭਾਗਾ ਸੀ ਪਰ ਪੁਲਿਸ ਦੀ ਮੁਸਤੈਦੀ ਸਦਕਾ ਉਨ੍ਹਾਂ ਦੇ ਗਲਤ ਮਨਸੂਬੇ ਕਾਮਯਾਬ ਨਹੀਂ ਹੋ ਸਕੇ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ BSF ਨੇ ਕਬਜ਼ੇ ‘ਚ ਲਿਆ ਪਾਕਿ ਡਰੋਨ, 2.5 ਕਿਲੋ ਨ.ਸ਼ੀ.ਲਾ ਪਦਾਰਥ ਬਰਾਮਦ
SSP ਮਾਲੇਰਕੋਟਲਾ ਨੇ ਦੱਸਿਆ ਕਿ 2 ਮਈ ਨੂੰ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਦੀ ਪਛਾਣ ਰਿਸ਼ੂ ਤੇ ਲਖਵਿੰਦਰ ਵਜੋਂ ਹੋਈ ਸੀ। ਉਨ੍ਹਾਂ ਕੋਲੋਂ 2 ਲੱਖ 85 ਹਜ਼ਾਰ ਰੁਪਏ ਬਰਾਮਦ ਹੋਏ ਸੀ। ਤਫਤੀਸ਼ ਕੀਤੀ ਤਾਂ ਪਤਾ ਲੱਗਾ ਕਿ ਇਹ ਅਮਿਤ ਗਿੱਲ ਕੋਲੋਂ ਇਹ ਕਰੰਸੀ ਲੈ ਕੇ ਆਏ ਸੀ ਜੋ ਕਿ ਸਹਾਰਨਪੁਰ ਦਾ ਰਹਿਣ ਵਾਲਾ ਹੈ। ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਤਾਂ ਉਸ ਕੋਲੋਂ ਜਾਅਲੀ ਕਰੰਸੀ ਸਣੇ ਕੰਪਿਊਟਰ, ਸਕੈਨ, ਪ੍ਰਿੰਟਰ, ਸਕ੍ਰੀਨ ਬੋਰਡ ਜੋ ਫੇਕ ਕਰੰਸੀ ਬਣਾਉਣ ਵਿਚ ਇਸਤੇਮਾਲ ਕੀਤੇ ਜਾਂਦੇ ਸਨ, ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਕੁੱਲ ਮਿਲਾ ਕੇ ਹੁਣ ਤੱਕ 84 ਲੱਖ ਤੇ 20 ਹਜ਼ਾਰ ਦੀ ਨਕਲੀ ਕਰੰਸੀ ਬਰਾਮਦ ਹੋ ਚੁੱਕੀ ਹੈ।