ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਸਾਬਕਾ ਆਈਏਐਸ ਅਧਿਕਾਰੀ ਜਗਮੋਹਨ ਸਿੰਘ ਰਾਜੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਭੇਜ ਦਿੱਤਾ ਹੈ। ਉਨ੍ਹਾਂ ਆਪਣੇ ਅਸਤੀਫ਼ੇ ਦੀ ਕਾਪੀ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਕੌਮੀ ਜਨਰਲ ਸਕੱਤਰ ਬੀਐਲ ਸੰਤੋਸ਼ ਅਤੇ ਪੰਜਾਬ ਇੰਚਾਰਜ ਵਿਜੇ ਰੁਪਾਨੀ ਨੂੰ ਵੀ ਭੇਜੀ ਹੈ। ਉਨ੍ਹਾਂ ਨੇ ਅਸੰਤੁਸ਼ਟੀ ਕਾਰਨ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਜਗਮੋਹਨ ਸਿੰਘ ਰਾਜੂ ਆਈਐਸ ਅਫਸਰ ਦੇ ਤੌਰ ‘ਤੇ ਵੀ ਸੇਵਾ ਨਿਭਾ ਚੁੱਕੇ ਹਨ।
ਜਾਣਕਾਰੀ ਅਨੁਸਾਰ ਜਗਮੋਹਨ ਸਿੰਘ ਰਾਜੂ ਨੇ ਆਪਣਾ ਅਸਤੀਫਾ 4 ਪੰਨਿਆਂ ਦਾ ਲਿਖਿਆ ਜਿਸ ਵਿੱਚ ਉਨ੍ਹਾਂ ਨੇ ਅਸਤੀਫ਼ੇ ਦਾ ਕਾਰਨ ਸੰਸਥਾ ਦੀਆਂ ਚੋਣਾਂ ਵਿੱਚ ਹੋਈਆਂ ਬੇਨਿਯਮੀਆਂ ਨੂੰ ਦੱਸਿਆ ਹੈ। ਜਗਮੋਹਨ ਸਿੰਘ ਰਾਜੂ ਨੇ ਦੋਸ਼ ਲਾਇਆ ਕਿ ਪਾਰਟੀ ਨੇ ਚੋਣਾਂ ਵਿੱਚ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ’ਤੇ ਦੋਸ਼ ਲਾਏ ਹਨ। ਉਨ੍ਹਾਂ ਨੇ ਆਪਣੇ ਪੱਤਰ ਦੇ ਨਾਲ ਪਾਰਟੀ ਦੇ ਸੰਵਿਧਾਨ ਦੇ ਕੁਝ ਵੇਰਵੇ ਵੀ ਦਿੱਤੇ ਹਨ।

ਉਨ੍ਹਾਂ ਨੇ 2024 ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਦੇ ਸਮੇਂ ਹੋਈ ਵਧੀਕੀ ਦੇ ਵੀ ਵੇਰਵੇ ਦਿੱਤੇ ਹਨ। ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਉਸ ਵੇਲੇ ਵੀ ਆਪਣੇ ਕੁਝ ਚਹੇਤਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ, ਜਿਸ ਦਾ ਸਿੱਟਾ ਇਹ ਹੋਇਆ ਸੀ ਕਿ ਪਾਰਟੀ ਨੂੰ 85 ਵਿੱਚੋਂ ਸਿਰਫ 8 ਸੀਟਾਂ ਹੀ ਮਿਲੀਆਂ ਸਨ। ਅਸਤੀਫੇ ਵਿਚ ਉਨ੍ਹਾਂ ਲਿਖਿਆ ਕਿ ਉਨ੍ਹਾਂ ਉਹ ਪਾਰਟੀ ਵਿੱਚ ਆਮ ਵਰਕਰ ਵਜੋਂ ਕੰਮ ਕਰਦੇ ਰਹਿਣਗੇ।
ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਡੋਨਾਲਡ ਟਰੰਪ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ
ਜ਼ਿਕਰਯੋਗ ਹੈ ਕਿ ਰਾਜੂ ਸਤੰਬਰ 2023 ਵਿਚ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਸਨ। ਰਾਜੂ ਪੰਜਾਬ ਭਾਜਪਾ ਦੇ ਅੰਦਰ ਇਸ ਅਹੁਦੇ ’ਤੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੇ ਅੱਧ ਵਿਚਕਾਰ ਅਸਤੀਫ਼ਾ ਦੇ ਦਿੱਤਾ ਹੈ, ਇਹ ਅਹੁਦਾ ਆਮ ਤੌਰ ’ਤੇ ਇਕ ਨਿਸ਼ਚਿਤ ਕਾਰਜਕਾਲ ਲਈ ਰੱਖਿਆ ਜਾਂਦਾ ਹੈ।
























