ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਯਾਨੀ 18 ਮਈ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦਾ ਆਖਰੀ ਦਿਨ ਹੈ। ਇਹ ਬਿਆਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੱਲੋਂ ਵੀਰਵਾਰ ਨੂੰ ਸੰਸਦ ਵਿਚ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜ਼ਫਾਇਰ 18 ਮਈ ਤੱਕ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਚਾਰ ਦਿਨਾਂ ਤੱਕ ਸਰਹੱਦ ਪਾਰ ਤੋਂ ਡ੍ਰੋਨ ਤੇ ਮਿਜ਼ਾਈਲ ਹਮਲਿਆਂ ਦੇ ਬਾਅਦ 10 ਮਈ ਨੂੰ ਜੰਗਬੰਦੀ ਸਮਝੌਤਾ ਲਾਗੂ ਹੋਇਆ। ਇਸ ਕਦਮ ਦਾ ਉਦੇਸ਼ ਫੌਜੀ ਦੁਸ਼ਮਣੀ ਨੂੰ ਰੋਕਣਾ ਤੇ ਸਰਹੱਦ ‘ਤੇ ਤਣਾਅ ਨੂੰ ਘੱਟ ਕਰਨਾ ਸੀ ਕਿਉਂਕਿ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਵਿਚ 26 ਨਾਗਰਿਕਾਂ ਦੀ ਮੌਤ ਦੇ ਬਾਅਦ ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ ਸੀ।
ਪਾਕਿਸਤਾਨ ਦੀ ਸੰਸਦ ਵਿਚ ਬੋਲਦੇ ਹੋਏ ਡਾਰ ਨੇ ਕਿਹਾ ਕਿ ਪਾਕਿਸਤਾਨ ਦੇ ਮੇਜਰ ਜਨਰਲ ਕਾਸ਼ਿਫ ਅਬਦੁੱਲਾ ਤੇ ਉਨ੍ਹਾਂ ਦੇ ਭਾਰਤੀ ਲੈਫਟੀਨੈਂਟ ਜਨਰਲ ਰਾਜੀਵ ਘਈ ਵਿਚ ਬੁੱਧਵਾਰ ਦੁਪਹਿਰ (14 ਮਈ) ਨੂੰ ਗੱਲਬਾਤ ਹੋਈ ਸੀ। ਹਾਲਾਂਕਿ ਡਾਰ ਦੀਆਂ ਟਿੱਪਣੀਆਂ ਬਾਰੇ ਭਾਰਤ ਵੱਲੋਂ ਕੋਈ ਅਧਿਕਾਰਕ ਪ੍ਰਤੀਕਿਰਿਆ ਨਹੀਂ ਆਈ ਹੈ। ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ 10 ਮਈ ਨੂੰ ਆਪਸੀ ਸਹਿਮਤੀ ਦੇ ਬਾਅਦ ਦੋਵੇਂ ਦੇਸ਼ਾਂ ਨੇ ਵਿਸ਼ਵਾਸ ਬਹਾਲੀ ਦੇ ਉਪਾਅ ਜਾਰੀ ਰੱਖਣ ‘ਤੇ ਸਹਿਮਤੀ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ ਵੱਡਾ ਝਟਕਾ, ਰੈਡੀਮੇਡ ਕੱਪੜਿਆਂ, ਪ੍ਰੋਸੈਸਡ ਫੂਡ ਸਣੇ ਇਨ੍ਹਾਂ ਚੀਜ਼ਾਂ ‘ਤੇ ਲਗਾਇਆ ਬੈਨ
ਜ਼ਿਕਰਯੋਗ ਹੈ ਕਿ ਇਹ ਬਿਆਨ ਡਾਰ ਵੱਲੋਂ ਇਕ ਇੰਟਰਿਵਊ ਵਿਚ ਇਕ ਗੁਪਤ ਧਮਕੀ ਦੇਣ ਤੋਂ ਥੋੜ੍ਹੀ ਦੇਰ ਬਾਅਦ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਭਾਰਤ ਤੇ ਪਾਕਿਸਤਾਨ ਵਿਚ ਲੰਬੇ ਸਮੇਂ ਤੋਂ ਚੱਲ ਰਿਹਾ ਸਿੰਧੂ ਜਲ ਸੰਧੀ ਵਿਵਾਦ ਅਣਸੁਲਝਿਆ ਰਹਿੰਦਾ ਹੈ ਤਾਂ ਜੰਗਬੰਦੀ ਖਤਰੇ ਵਿਚ ਪੈ ਸਕਦੀ ਹੈ। ਉਨ੍ਹਾਂ ਇਥੋਂ ਤੱਕ ਕਿਹਾ ਕਿ ਜੇਕਰ ਇਸ ਮਾਮਲੇ ਨੂੰ ਨਹੀਂ ਸੁਲਝਾਇਆ ਜਾਂਦਾ ਹੈ ਤਾਂ ਇਸ ਨੂੰ ਜੰਗ ਦੀ ਕਾਰਵਾਈ ਮੰਨਿਆ ਜਾ ਸਕਦਾ ਹੈ। ਇਸ ਤੋਂ ਬਾਅਦ ਹੁਣ ਸਵਾਲ ਉਠ ਰਹੇ ਹਨ ਕਿ 18 ਮਈ ਤੋਂ ਬਾਅਦ ਫਿਰ ਤੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਪੈਦਾ ਹੋ ਸਕਦੇ ਹਨ ਜਾਂ ਫਿਰ ਜੰਗਬੰਦੀ ਜਾਰੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -:
























