ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਦੁਨਿਆਵੀਂ ਅਦਾਲਤ ਦਾ ਰੁੱਖ ਅਖਤਿਆਰ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਿਸ ਪਦਵੀਂ ‘ਤੇ ਸੇਵਾ ਨਿਭਾਉਂਦੇ ਹੋਈਏ ਉਸ ਪਦਵੀਂ ‘ਤੇ ਸੇਵਾ ਨਿਭਾ ਚੁੱਕੀਆਂ ਸ਼ਖਸ਼ੀਅਤਾਂ ਦੀਆਂ ਘਾਲਣਾ ਤੇ ਕੁਰਬਾਨੀਆਂ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ।
ਸਰਨਾ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੇ ਨਿੱਜੀ ਮੁਫਾਦਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀ ਪਦਵੀਂ ਨੂੰ ਹੀ ਦੁਨਿਆਵੀ ਅਦਾਲਤ ਵਿਚ ਖੜਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਪਦਵੀਂ ਅੱਗੇ ਦੁਨੀਆ ਭਰ ਦੇ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਸਿਰ ਝੁਕਦਾ ਹੈ, ਉਸ ਪਦਵੀਂ ਨੂੰ ਅਦਾਲਤ ਵਿਚ ਖੜਾ ਕਰਕੇ ਨੀਵਾਂ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਯਤਨ ਨੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਪਦਵੀਂ ਨੂੰ ਨੀਵਾਂ ਕਰਨ ਦਾ ਯਤਨ ਗਿਆਨੀ ਰਘਬੀਰ ਸਿੰਘ ਨੇ ਕੀਤਾ ਹੈ, ਉੱਥੇ ਉਹਨਾਂ ਨੇ ਆਪਣੀ ਸ਼ਖਸ਼ੀਅਤ ਨੂੰ ਵੀ ਹੇਠਾਂ ਸੁੱਟ ਲਿਆ ਹੈ।
ਸਰਨਾ ਨੇ ਕਿਹਾ ਕਿ ਇਹ ਉਹ ਪਦਵੀ ਹੈ ਜਿੱਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾਵਾਂ ਨਿਭਾਈਆਂ ਅਤੇ ਭਾਈ ਮਨੀ ਸਿੰਘ ਜੀ ਨੇ ਸੇਵਾਵਾਂ ਨਿਭਾਉਂਦੇ ਹੋਏ ਆਪਣੇ ਬੰਦ ਬੰਦ ਕੱਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ। ਸਰਨਾ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਸ਼ਖਸ਼ੀਅਤ ਨੂੰ ਮਾਨ ਮਰਿਆਦਾ ਅਤੇ ਸਿਧਾਂਤਾਂ ਨੂੰ ਤਾਰ-ਤਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸਰਨਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕਰਦਿਆ ਕਿਹਾ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਅਦਾਲਤ ਵਿਚ ਕੀਤੇ ਕੇਸ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਦੀ ਪਦਵੀ ਨੂੰ ਠੇਸ ਪਹੁੰਚਾਉਂਣ ਅਤੇ ਨੀਂਵਾ ਦੱਸਣ ਦੀ ਇਸ ਕਾਰਵਾਈ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਮੌਸਮ ਹੋਇਆ ਸੁਹਾਵਣਾ, ਤੇਜ਼ ਹਵਾਵਾਂ ਨਾਲ ਪਿਆ ਭਾਰੀ ਮੀਂਹ, ਤਾਪਮਾਨ ‘ਚ ਆਈ ਗਿਰਾਵਟ
ਸਰਨਾ ਨੇ ਧਾਮੀ ਨੂੰ ਕਿਹਾ ਕਿ ਹੁਣ ਗਿਆਨੀ ਰਘਬੀਰ ਸਿੰਘ ਨੇ ਜੋ ਅਦਾਲਤ ਦੇ ਕਟਹਿਰੇ ਵਿਚ ਖੜੇ ਹੋਣ ਦਾ ਫੈਂਸਲਾ ਲਿਆ ਹੈ, ਇਸ ਲਈ ਗਿਆਨੀ ਰਘਬੀਰ ਸਿੰਘ ਨੂੰ ਤੁਰੰਤ ਧਾਰਮਿਕ ਸੇਵਾਵਾਂ ਤੋਂ ਲਾਂਭੇ ਕਰਕੇ ਸਰਵਿਸ ਨਿਯਮਾਂ ਮੁਤਾਬਿਕ ਕੋਈ ਦਫਤਰੀ ਸੇਵਾਵਾਂ ਲਈ ਬਦਲ ਦੇਣਾ ਚਾਹੀਦਾ ਹੈ। ਜਿਸ ਸਖਸ਼ੀਅਤ ਨੇ ਸਿੱਖ ਕੌਮ ਦੀਆਂ ਦੋ ਅਹਿਮ ਪਦਵੀਆਂ ‘ਤੇ ਸੇਵਾ ਨਿਭਾਉਂਣ ਤੋਂ ਬਾਅਦ ਵੀ ਮਾਨ ਮਰਿਆਦਾ ਅਤੇ ਸਿੱਖੀ ਸਿਧਾਂਤਾਂ ਦਾ ਗਿਆਨ ਹਾਸਲ ਨਹੀਂ ਕੀਤਾ, ਉਹ ਸੰਗਤਾਂ ਲਈ ਵੀ ਗਲਤ ਰਾਹ ਦਸੇਰਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























