ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਜਿਥੇ ਉਨ੍ਹਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਚ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਤ ਕੀਤੀ।
ਰਾਜਪਾਲ ਨੂੰ ਸਿਰੋਪਾ, ਲੋਈ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਮੁਲਾਕਾਤ ਦੌਰਾਨ ਜਥੇਦਾਰ ਗੜਗੱਜ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ‘ਤੇ ਸਖਤ ਕਾਨੂੰਨ, ਚਮਕੌਰ ਸਾਹਿਬ ਕੋਲ ਪੇਪਰ ਫੈਕਟਰੀ ਦਾ ਵਿਰੋਧ, ਮੱਤੇਵਾੜਾ ਜੰਗਲ ਕੋਲ ਗਰੀਬ ਪਰਿਵਾਰਾਂ ਦਾ ਉਜਾੜਿਆ ਜਾਣਾ, ਪੰਜਾਬ ਵਿਚ ਪੁਲਿਸ ਮੁਕਾਬਲੇ ਦੀਆਂ ਵਧੀਆਂ ਘਟਨਾਵਾਂ ਤੇ ਧਰਮ ਪਰਿਵਰਤਨ ਵਰਗੇ ਗੰਭੀਰ ਮੁੱਦੇ ਰਾਜਪਾਲ ਦੇ ਸਾਹਮਣੇ ਚੁੱਕੇ।
ਜਥੇ. ਗੜਗੱਜ ਨੇ ਸੁਝਾਅ ਦਿੱਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਕੇਂਦਰ ਤੇ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਰਾਸ਼ਟਰੀ ਤੇ ਕੌਮਾਂਤਰੀ ਪੱਧਰ ‘ਤੇ ਮਨਾਉਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੇ ਬਲਿਦਾਨ ਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਗਈ ਕੁਰਬਾਨੀ ਨੂੰ ਵਿਸ਼ਵ ਮਾਨਤਾ ਮਿਲ ਸਕੇ। ਜਥੇ. ਗੜਗੱਜ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਧਰਮ ਗ੍ਰੰਥ ਪੂਜਨੀਕ ਹਨ ਪਰ ਸਿੱਖ ਪੰਥ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਜੀਵਤ ਗੁਰੂ ਦਾ ਦਰਜਨ ਪ੍ਰਾਪਤ ਹੈ, ਇਸ ਲਈ ਉਨ੍ਹਾਂ ਦੀ ਬੇਅਦਬੀ ‘ਤੇ ਸਖਤ ਸਜ਼ਾ ਜ਼ਰੂਰੀ ਹੈ।
ਉਨ੍ਹਾਂ ਨੇ ਬੀਤੇ 7 ਮਹੀਨਿਆਂ ਵਿਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਕਈ ਮੁਕਾਬਲਿਆਂ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿਚ ਪੁਲਿਸ ਦੀ ਕਹਾਣੀ ਇਕੋ ਜਿਹੀ ਹੁੰਦੀ ਹੈ ਕਿ ਮੁਲਜ਼ਮ ਨੇ ਗੋਲੀ ਚਲਾਈ ਤੇ ਜਵਾਬੀ ਕਾਰਵਾਈ ਵਿਚ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਇਨਸਾਫ ਦਾ ਕੰਮ ਅਦਾਲਤਾਂ ਦਾ ਹੈ ਨਾ ਕਿ ਪੁਲਿਸ ਦਾ।
ਇਹ ਵੀ ਪੜ੍ਹੋ : ਅਬੋਹਰ : ਸੰਜੇ ਵਰਮਾ ਕ/ਤ/ਲ ਕਾਂਡ ‘ਚ ਪੁਲਿਸ ਨੇ 3 ਹੋਰ ਮੁਲਜ਼ਮ ਕਾਬੂ, ਸ਼ੂਟਰਾਂ ਨੂੰ ਦਿੱਤੀ ਸੀ ਪਨਾਹ ਤੇ ਪੈਸੇ
ਧਰਮ ਪਰਿਵਰਤਨ ਦੇ ਵਿਸ਼ੇ ‘ਤੇ ਜਥੇਦਾਰ ਗੜਗੱਜ ਨੇ ਕਿਹਾ ਕਿ ਲਾਲਚ, ਡਰ ਤੇ ਝੂਠੇ ਚਮਤਕਾਰ ਦਿਖਾ ਕੇ ਧਰਮ ਬਦਲਾਉਣਾ ਗਲਤ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜੋ ਪਰਿਵਾਰ ਪ੍ਰੇਮ ਨਾਲ ਸਿੱਖ ਧਰਮ ਵਿਚ ਪਰਤਣਾ ਚਾਹੇ, ਉਨ੍ਹਾਂ ਲਈ ਸੰਗਤ ਕੋਸ਼ਿਸ਼ ਕਰੇ।
ਵੀਡੀਓ ਲਈ ਕਲਿੱਕ ਕਰੋ -:
























