ਪੰਜਾਬ ਵਿੱਚ ਕੱਲ੍ਹ ਤੋਂ ਹੀ ਕਈ ਜ਼ਿਲ੍ਹਿਆਂ ਵਿਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੀਂਹ ਕਰਕੇ ਜਿਥੇ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮੋਗਾ ਜ਼ਿਲ੍ਹੇ ਵਿੱਚ ਪੰਜ ਘੰਟੇ ਦੀ ਬਾਰਿਸ਼ ਕਾਰਨ ਸਥਿਤੀ ਹੋਰ ਵੀ ਵਿਗੜ ਗਈ ਹੈ। ਮੱਲੇਆਣਾ ਪਿੰਡ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ। ਪਿੰਡ ਵਾਸੀਆਂ ਨੂੰ ਖੇਤਾਂ ਵਿੱਚੋਂ ਪਾਣੀ ਕੱਢਣ ਲਈ ਸੜਕ ਤੋੜਨੀ ਪਈ। ਇਸ ਦੌਰਾਨ ਪਿੰਡ ਵਾਸੀਆਂ ਨੇ ਸਕੂਲੀ ਬੱਚਿਆਂ ਨੂੰ ਸੜਕ ਪਾਰ ਕਰਨ ਵਿੱਚ ਮਦਦ ਕੀਤੀ।

ਪਿੰਡ ਦੇ ਨੌਜਵਾਨਾਂ ਨੇ ਟੁੱਟੀ ਸੜਕ ਤੋਂ ਲੰਘਣ ਲਈ ਆਪਣੇ ਆਪ ਨੂੰ ਹੀ ਸੜਕ ਬਣਾ ਦਿੱਤਾ। ਦੋ ਨੌਜਵਾਨ ਸੜਕ ਵਾਂਗ ਟੁੱਟੇ ਰਾਹ ‘ਤੇ ਲੇਟ ਗਏ ਤੇ ਉਨ੍ਹਾਂ ਦੀ ਪਿੱਠ ‘ਤੇ ਪੈਰ ਰੱਖ ਕੇ ਸਕੂਲੀ ਬੱਚਿਆਂ ਨੇ ਰਸਤਾ ਪਾਰ ਕੀਤਾ। ਇਸ ਦੇ ਨਾਲ ਹੀ ਇੱਕ ਨਿੱਜੀ ਬੱਸ ਖੇਤ ਵਿੱਚ ਫਸ ਗਈ, ਜਿਸ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
ਦੂਜੇ ਪਾਸੇ ਕਪੂਰਥਲਾ ‘ਚ ਕਰੀਬ 100 ਸਾਲ ਪੁਰਾਣੀ ਇਮਾਰਤ ਢਹਿ-ਢੇਰੀ ਹੋ ਗਈ। ਇਮਾਰਤ ਡਿੱਗਣ ਕਾਰਨ ਬਿਜਲੀ ਦੇ ਖੰਭੇ ਟੁੱਟ ਗਏ, ਇਸ ਨਾਲ ਇਲਾਕੇ ‘ਚ ਬਿਜਲੀ ਦੀ ਸਪਲਾਈ ਠੱਪ ਹੋ ਗਈ। ਹਾਲਾਂਕਿ ਘਟਨਾ ‘ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਇਹ ਇਮਾਰਤ ਪੁਰਾਣੀ ਸਬਜ਼ੀ ਮੰਡੀ ਵਿਚ ਬੁੱਧਵਾਰ ਤੜਕੇ 2.30 ਵਜੇ ਡਿੱਗੀ। ਇਮਾਰਤ ਦਾ ਮਲਬਾ ਬਿਜਲੀ ਲਾਈਨਾਂ ‘ਤੇ ਡਿਗਣ ਕਾਰਨ 7-8 ਖੰਭੇ ਟੁੱਟ ਗਈ, ਜਿਸ ਨਾਲ ਪੂਰੇ ਇਲਾਕੇ ਵਿਚ ਬਿਜਲੀ ਦੀ ਸਪਲਾਈ ਠੱਪ ਹੋ ਗਈ। ਸਥਾਨਕ ਦੁਕਾਨਦਾਰਾਂ ਮੁਤਾਬਕ ਇਮਾਰਤ ਪਿਛਲੇ 8-9 ਸਾਲਾਂ ਤੋਂ ਖਾਲੀ ਪਈ ਸੀ। ਇਸ ਦੇ ਮਾਲਕ ਦੀ ਮੌਤ ਹੋ ਚੁੱਕੀ ਹੈ।
ਮੌਸਮ ਵਿਭਾਗ ਚੰਡੀਗੜ੍ਹ ਨੇ ਅੱਜ ਵੀ ਪੂਰੇ ਸੂਬੇ ਵਿੱਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। 4 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ, ਕਪੂਰਥਲਾ ਵਿੱਚ ਇੱਕ 100 ਸਾਲ ਪੁਰਾਣੀ ਦੋ ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਇਹ ਇਮਾਰਤ ਖਾਲੀ ਸੀ। ਮਲਬੇ ਕਾਰਨ ਬਿਜਲੀ ਦੇ ਖੰਭੇ ਟੁੱਟ ਗਏ। ਇਸ ਕਾਰਨ ਬਿਜਲੀ ਬੰਦ ਹੋ ਗਈ ਹੈ। ਮਾਨਸਾ ਦੇ ਸਰਕਾਰੀ ਸਕੂਲ ਵਿੱਚ ਪਾਣੀ ਭਰ ਗਿਆ।
ਇਹ ਵੀ ਪੜ੍ਹੋ : ਟ੍ਰੈਵਲ ਏਜੰਟ ਦੀ ਠੱਗੀ ਨਾਲ ਟੁੱਟਿਆ ਵਿਦੇਸ਼ ਜਾਣ ਦਾ ਸੁਪਨਾ, ਨੌਜਵਾਨ ਨੇ ਚੁੱਕ ਲਿਆ ਵੱਡਾ ਕਦਮ
ਦੱਸ ਦੇਈਏ ਕਿ ਮੌਸਮ ਵਿਭਾਗ ਮੁਤਾਬਕ 24 ਜੁਲਾਈ ਨੂੰ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 25 ਜੁਲਾਈ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਕੁਝ ਥਾਵਾਂ ‘ਤੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ 26 ਜੁਲਾਈ ਨੂੰ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -:
























