ਸਿੱਖਿਆ ਮੰਤਰਾਲੇ ਵੱਲੋਂ ਨੈਸ਼ਨਲ ਟੀਚਰ ਐਵਾਰਡ 2025 ਲਈ ਚੁਣੇ ਗਏ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਾਲ ਦਾ ਐਵਾਰਡ ਸਮਾਰੋਹ 5 ਸਤੰਬਰ 2025 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਕੁਝ ਅਧਿਆਪਕਾਂ ਸਣੇ ਲਗਭਗ 45 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਅਧਿਆਪਕਾਂ ਵਿੱਚ, ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਲੁਧਿਆਣਾ ਵਿੱਚ ਕੰਮ ਕਰ ਰਹੇ ਨਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਪ੍ਰਵੀਨ ਕੁਮਾਰੀ ਦਾ ਨਾਮ ਵੀ ਚੰਡੀਗੜ੍ਹ ਤੋਂ ਸ਼ਾਮਲ ਹੈ। ਨੈਸ਼ਨਲ ਟੀਚਰ ਐਵਾਰਡ 2025 ਲਈ ਚੁਣੇ ਜਾਣ ‘ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਹੈੱਡ ਟੀਚਰ ਨਰਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ “ਕਲਾਸਰੂਮ ‘ਚ ਉਨ੍ਹਾਂ ਦੀ ਨਿਸ਼ਠਾ ਤੇ ਪ੍ਰਭਾਵ ਪੂਰੇ ਪੰਜਾਬ ਦੇ ਅਧਿਆਪਕ ਭਾਈਚਾਰੇ ਦੀ ਸਭ ਤੋਂ ਵਧੀਆ ਮਿਸਾਲ ਹੈ, ਇਸ ਕਾਬਿਲ-ਏ-ਤਾਰੀਫ਼ ਸਨਮਾਨ ਲਈ ਨਰਿੰਦਰ ਸਿੰਘ ਨੂੰ ਦਿਲੋਂ ਮੁਬਾਰਕਾਂ।

ਜਾਣਕਾਰੀ ਮੁਤਾਬਕ ਹਰੇਕ ਐਵਾਰਡ ਵਿੱਚ ਇੱਕ ਪ੍ਰਸ਼ੰਸਾ ਪੱਤਰ, 50,000/- ਰੁਪਏ ਦਾ ਨਕਦ ਇਨਾਮ ਅਤੇ ਇੱਕ ਚਾਂਦੀ ਦਾ ਤਗਮਾ ਸ਼ਾਮਲ ਹੋਵੇਗਾ। ਚੁਣੇ ਗਏ ਅਧਿਆਪਕਾਂ ਲਈ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ 3 ਸਤੰਬਰ ਦੀ ਦੁਪਹਿਰ ਤੋਂ 6 ਸਤੰਬਰ ਦੀ ਸਵੇਰ ਤੱਕ ਨਵੀਂ ਦਿੱਲੀ ਦੇ ਚਾਣਕਿਆਪੁਰੀ ਸਥਿਤ ਹੋਟਲ ਦ ਅਸ਼ੋਕ ਵਿਖੇ ਕੀਤਾ ਗਿਆ ਹੈ।
ਇਸ ਤੋਂ ਇਲਾਵਾ, 3 ਸਤੰਬਰ 2025 ਨੂੰ ਸ਼ਾਮ 5 ਵਜੇ ਹੋਟਲ ਅਸ਼ੋਕ ਵਿਖੇ ਇੱਕ ਜਾਣ-ਪਛਾਣ ਮੀਟਿੰਗ ਵੀ ਕੀਤੀ ਜਾਵੇਗੀ, ਜਿਸ ਵਿੱਚ ਸਾਰੇ ਚੁਣੇ ਗਏ ਅਧਿਆਪਕਾਂ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਕਿਸੇ ਵੀ ਵਾਧੂ ਜਾਣਕਾਰੀ ਲਈ, ਅਧਿਆਪਕ ਰਾਜੇਂਦਰ ਪ੍ਰਸਾਦ, ਸਲਾਹਕਾਰ (ਮੋਬਾਈਲ: 8178619494) ਅਤੇ ਕੋਣਾਰਕ ਸਿੰਘ ਸ਼ਿਸ਼ੋਦੀਆ, ਪ੍ਰੋਜੈਕਟ ਐਸੋਸੀਏਟ ਨਾਲ ਸੰਪਰਕ ਕਰ ਸਕਦੇ ਹਨ।


ਇਹ ਵੀ ਪੜ੍ਹੋ : ਜਲੰਧਰ ਦੀ ਫੈਕਟਰੀ ‘ਚੋਂ ਅਮੋਨੀਆ ਗੈਸ ਲੀਕ, ਮਚੀ ਹਫੜਾ-ਦਫੜੀ, ਕੰਧ ਤੋੜ ਕੇ ਕੱਢੇ ਮਜ਼ਦੂਰ
ਵੀਡੀਓ ਲਈ ਕਲਿੱਕ ਕਰੋ -:

























